ਹਰਦੀਪ ਸਿੰਘ ਮਾਨ ਕਲਾਕਾਰੀ

ਕਰੋਨਾ ਦਾ ਕਹਿਰ ਅਤੇ ਫ਼ਾਇਦੇ

ਕਰੋਨਾ ਤੋਂ ਡਰੋ ਨਾ, ਪਰ ਕਰੋ ਵੀ ਨਾ ਕਰੋਨਾ

ਕਰੋਨਾ (Made in China?)

ਲੇਖਕ: ਹਰਦੀਪ ਮਾਨ ਜਮਸ਼ੇਰ, ਆਸਟਰੀਆ

no info ਵੈੱਬਸਾਈਟ AnmolUni ਫੌਂਟ ਵਿੱਚ ਹੈ। ਫਰਕ ਫੋਟੋ 


 

 

 

 

 

 

 

ਦੁਨੀਆ ਭਰ ਵਿਚ ਅੱਜ ਇੱਕ ਹੀ ਵਿਸ਼ਾ ਪ੍ਰਧਾਨ ਹੈ, ਕਰੋਨਾ ਕਰੋਨਾ ਕਰੋਨਾ।

ਚੀਨ ਵਿਚ ਕਰੋਨਾ ਵਾਇਰਸ ਕਿਸ ਦੀ ਦੇਣ ਹੈ?
ਮਨੁੱਖ, ਜਾਨਵਰ, ਪੰਛੀ, ਕੁਦਰਤੀ ਜਾਂ ਗ਼ੈਰ-ਕੁਦਰਤੀ (ਲੈਬ) ਤਾਕਤ ਦੀ? ਜਾਂ ਇਹ ਇੱਕ ਹਥਿਆਰ ਹੈ ਜੋ ਵਪਾਰ (ਮਹਾਂ-ਸ਼ਕਤੀ ਬਣਨ) ਲਈ ਚਲਾਇਆ ਗਿਆ ਹੈ? ਇਸ ਸੰਬੰਧੀ ਸਭ ਦੇ ਆਪੋ ਆਪਣੇ ਵੱਖਰੇ ਵਿਚਾਰ ਹਨ। ਕੋਈ 1981 ਵਿਚ ਅਮਰੀਕਨ ਲੇਖਕ Dean Koontz ਦੀ ਛਪੀ The Eyes of Darkness ਕਿਤਾਬ ਦੀ ਉਦਾਹਰਨ ਦੇ ਰਿਹਾ ਤੇ ਕੋਈ ਬਾਹੂਬਲੀ ਅਮਰੀਕਾ ਵੱਲ ਨੂੰ ਉਂਗਲ। ਪਰ ਜੇ ਚੀਨ ਦੇ ਇਤਿਹਾਸ ਤੇ ਗ਼ੌਰ ਕੀਤਾ ਜਾਵੇ ਤਾਂ ਕਾਮਰੇਡ ਆਗੂ ''ਮਾਓ ਜ਼ੇ ਤੁੰਗ'' ਨੇ ਲਗਾਤਾਰ ਚਾਰ ਸਾਲ (1958 ਤੋਂ 1962 ਤੱਕ) 'ਚਿੜੀਮਾਰ ਮੁਹਿੰਮ' (Kill a Sparrow Campaign) ਚਲਾਈ ਸੀ, ਜਿਸ ਦੇ ਨਤੀਜੇ ਵਜੋਂ ਦੋ ਕਰੋੜ ਲੋਕ ਭੁੱਖ ਦੁੱਖੋਂ ਮਾਰੇ ਗਏ ਸਨ।

ਸੋ, ਕਹਿਣ ਤੋਂ ਭਾਵ ਹੈ ਕਿ ਚੀਨ ਆਪਣੀਆਂ ਅਣਮਨੁੱਖੀ, ਗ਼ੈਰ-ਕੁਦਰਤੀ ਅਤੇ ਬਾਕੀ ਦੇਸ਼ਾਂ ਨਾਲੋਂ ਅਲੱਗ ਮੁਹਿੰਮਾਂ ਲਈ ਮਸ਼ਹੂਰ ਹੈ। ਤਾਜ਼ੀ ਉਦਾਹਰਨ ਹੈ ਕਿ ਚੀਨ ਵਿਚ ਗੂਗਲ ਅਤੇ ਫੇਸਬੁੱਕ ਵਗ਼ੈਰਾ ਤੇ ਪਾਬੰਦੀ ਹੈ ਤਾਂ ਕਿ ਚੀਨ ਹਰਕਤਾਂ ਦੀ ਖ਼ਬਰ ਸਾਰੀ ਦੁਨੀਆਂ ਤੱਕ ਨਾ ਪਹੁੰਚੇ। ਇੱਕ ਸੋਚ ਮੁਤਾਬਿਕ ਇਹ ਕਰੋਨਾ ਮੁਹਿੰਮ ਪੈਨਸ਼ਨ ਧਾਰਕਾਂ ਨੂੰ ਖ਼ਤਮ ਕਰਨ ਲਈ ਚਲਾਈ ਗਈ ਸੀ ਤਾਂ ਕਿ ਸਰਕਾਰ ਨੂੰ ਇਸ ਦੇ ਦੋ ਫ਼ਾਇਦੇ ਹੋਣ। ਇੱਕ ਸਰਕਾਰ ਨੂੰ ਪੈਨਸ਼ਨਾਂ ਘੱਟ ਦੇਣੀਆਂ ਪੈਣਗੀਆਂ, ਦੂਜਾ ਬਜ਼ੁਰਗਾਂ (ਦੇਸ਼) ਦੀ ਆਬਾਦੀ ਘਟੇਗੀ। ਜ਼ਿਕਰਯੋਗ ਹੈ ਕਿ ਇਹ ਮਹਾਂਮਾਰੀ ਸੰਵੇਦਨਸ਼ੀਲ (ਵੱਧ) ਉਮਰ ਵਾਲਿਆਂ ਲਈ ਜਾਨਲੇਵਾ ਹੈ, ਪਰ ਜਵਾਨ ਅਤੇ ਬੱਚਿਆਂ ਤੇ ਇਸ ਦਾ ਅਸਰ ਘੱਟ ਹੀ ਦੇਖਣ ਵਿਚ ਆਇਆ ਹੈ।

ਹੁਣ ਸੱਚ ਕੀ ਹੈ? ਇਸ ਬਾਰੇ ਤਾਂ 'ਕਰੋਨਾ ਕਹਿਰ' ਤੋਂ ਬਾਅਦ ਅੰਤਰ ਰਾਸ਼ਟਰੀ ਜਾਂਚ ਦੌਰਾਨ ਹੀ ਪਤਾ ਲੱਗੇਗਾ।

ਕਰੋਨਾ ਕਾ ਕਹਿਰ ਬਨਾਮ ਕ੍ਰਿਕਟ ਮੈਚ ਕਵਰੇਜ
ਅੱਜ ਤੋਂ ਡੇਢ ਹਫ਼ਤੇ ਪਹਿਲਾ ਸ਼ੁੱਕਰਵਾਰ ਜਦੋਂ ਕਰੋਨਾ ਨੇ ਆਸਟਰੀਆ ਵਿਚ ਦਸਤਕ ਦੇਣੀ ਸ਼ੁਰੂ ਕੀਤੀ ਤਾਂ ਹਾਲਾਤ ਮੈਨੂੰ ਕ੍ਰਿਕਟ ਦੇ ਟੈੱਸਟ ਮੈਚ ਵਰਗੇ ਲੱਗੇ। ਜਿਵੇਂ ਭਾਰਤ ਤੇ ਪਾਕਿਸਤਾਨ ਦਾ ਟੈੱਸਟ ਮੈਚ ਲੱਗਾ ਹੋਵੇ ਤਾਂ ਮੁੜ ਮੁੜ ਮੋਬਾਈਲ ਫ਼ੋਨ ਤੇ ‘ਰਨ’ ਤੇ ‘ਆਊਟ’ (25/2) ਦੇਖੀਦਾ ਹੈ। ਓਵੇਂ ਹੀ ਕਰੋਨਾ ਦੀ ਅੱਪਡੇਟ (25/2) ਲਈ ਮੁੜ ਮੁੜ ਮੋਬਾਈਲ ਫ਼ੋਨ ਦੇਖਣਾ ਪੈ ਰਿਹਾ ਸੀ ਕਿ ਕਿੰਨੇ ਵਾਇਰਸ ਤੋਂ ਪ੍ਰਭਾਵਿਤ ਹੋ ਗਏ? ਅਤੇ ਕਿੰਨੇ ਰੱਬ ਨੂੰ ਪਿਆਰੇ? ਕ੍ਰਿਕਟ ਮੈਚ ਵਿਚ ਇੱਕ ਟੀਮ ਬੱਲੇਬਾਜ਼ੀ ਅਤੇ ਦੂਸਰੀ ਟੀਮ ਗੇਂਦਬਾਜ਼ੀ ਕਰਦੀ ਹੈ, ਪਰ ਇੱਥੇ ਕਰੋਨਾ ਕਹਿਰ ਵਿਚ ਕਰੋਨਾ ਹੀ ਬੱਲੇਬਾਜ਼ੀ (25 ਪੀੜਿਤ ਮਰੀਜ਼) ਅਤੇ ਕਰੋਨਾ ਹੀ ਗੇਂਦਬਾਜ਼ੀ ਕਰ ਰਿਹਾ ਹੈ। ਮਤਲਬ ਆਸਟਰੀਆ ਅਤੇ ਕਰੋਨਾ ਦੇ ਮੁਕਾਬਲੇ ਵਿਚ ਕਰੋਨਾ ਨੇ ਇੱਕ ਤੋਂ ਬਾਅਦ ਇੱਕ ਅਦਾਰੇ ਆਊਟ ਕਰ ਦਿੱਤੇ। ਸਭ ਤੋਂ ਪਹਿਲਾ ਬਾਰਡਰ ਆਊਟ ਕੀਤਾ, ਫਿਰ ਹਵਾਈ ਅੱਡਾ, ਸਕੂਲ, ਯੂਨੀਵਰਸਿਟੀ, ਸ਼ੇਅਰ ਮਾਰਕੀਟ ਅਤੇ ਫਿਰ ਨਾ-ਜ਼ਰੂਰੀ ਕੰਮ ਕਾਰ।

ਆਸਟਰੀਆ ਵਿਚ ਕਰੋਨਾ ਦਾ ਅਸਰ ਅਤੇ ਹਾਲਾਤ
13 ਮਾਰਚ ਸ਼ੁੱਕਰਵਾਰ ਨੂੰ ਜਦੋਂ ਐਲਾਨ ਹੋਇਆ ਕਿ ਸੋਮਵਾਰ ਤੋਂ ਆਸਟਰੀਆ ਘੱਟ ਤੋਂ ਘੱਟ ਸਰਵਿਸ (ਪਹਿਲੇ ਗੇਅਰ) ਤੇ ਚੱਲੇਗਾ ਅਤੇ ਇੱਕ ਹਫ਼ਤੇ ਲਈ ਲੋੜ ਤੋਂ ਬਿਨਾਂ ਬਾਹਰ ਨਿਕਲਣ ਤੇ ਪਾਬੰਦੀ ਹੋਵੇਗੀ, ਤਾਂ ਜਨਤਾ ਨੇ ਸਟੋਰਾਂ ਦੇ ਸਟੋਰ ਖਾਲੀ ਕਰਕੇ ਰਾਸ਼ਨ-ਪਾਣੀ ਨਾਲ ਘਰ ਭਰ ਲਏ। ਪਰ ਕਿਉਂਕਿ ਮੁੱਢਲੀ ਸਹੂਲਤਾਂ (ਬੈਂਕ, ਡਾਕਖ਼ਾਨਾ, ਦਵਾਈਆਂ ਤੇ ਖਾਣ-ਪੀਣ ਦੇ ਸਟੋਰ ਵਗ਼ੈਰਾ) ਚਾਲੂ ਹਨ ਅਤੇ 3200 ਸੈਨਿਕਾਂ ਦੀ ਮਦਦ ਨਾਲ ਜੰਗੀ ਪੱਧਰ ਤੇ ਸਟੋਰ ਦੁਬਾਰਾ ਭਰੇ ਜਾ ਰਹੇ ਹਨ। ਹੁਣ ਛੁੱਟ ਮਾਸਕ ਅਤੇ ਸੈਨੀਟਾਈਜ਼ਰ ਤੋਂ ਬਿਨਾਂ ਸਭ ਲੋੜੀਦਾ ਸਮਾਨ (ਰਾਸ਼ਨ-ਪਾਣੀ) ਉਪਲਬਧ ਹੈ। ਇੱਥੋਂ ਤੱਕ ਕਿ ਟਾਇਲਟ ਪੇਪਰ ਵੀ ਦੁਬਾਰਾ ਖ਼ਰੀਦੇ ਜਾ ਸਕਦੇ ਹਨ। ਪਰ ਹੁਣ ਹਾਲਾਤ ਇੰਨੇ ਵਿਗੜੇ ਵੀ ਨਹੀਂ ਤੇ ਸੁਧਰੇ ਵੀ ਨਾ ਹੋਣ ਕਰਕੇ ਪਾਬੰਦੀਆਂ 3 ਹਫ਼ਤਿਆਂ ਲਈ ਹੋਰ ਵਧਾ ਦਿੱਤੀਆਂ ਗਈਆਂ ਹਨ। ਪਰ ਇੱਕ ਦੇਸੀ ਡਾਕਟਰ ਅਨੁਸਾਰ ਜੇ ਕਰੋਨਾ ਕੰਟਰੋਲ ਅੰਦਰ ਰਹੇ ਤਾਂ ਕਹਿਰ 40 ਦਿਨਾਂ ਤੱਕ ਚੱਲਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਜਦੋਂ ਕਰੋਨਾ ਦਾ ਕਹਿਰ ਚੀਨ ਵਿਚ ਪੂਰੇ ਜ਼ੋਰ ਤੇ ਸੀ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇਹ ਵਾਇਰਸ ਪੂਰੀ ਦੁਨੀਆ ਵਿਚ ਫੈਲ ਜਾਵੇਗਾ। ਇਸੇ ਕਰਕੇ ਆਸਟਰੀਆ ਵੱਲੋਂ 27 ਟਨ ਮਦਦ ਸਮਾਨ, ਜਿਸ ਵਿਚ ਮਾਸਕ, ਬਚਾਅ-ਐਨਕਾਂ, ਦਸਤਾਨੇ ਸ਼ਾਮਿਲ ਸਨ, ਚੀਨ ਨੂੰ ਭੇਜ ਦਿੱਤੇ ਗਏ। ਪਰ ਜਦੋਂ ਕਰੋਨਾ ਆਸਟਰੀਆ ਵਿਚ ਆ ਗਿਆ ਅਤੇ ਇਨ੍ਹਾਂ ਚੀਜ਼ਾਂ ਦੀ ਘਾਟ ਦਿਸਣ ਲੱਗ ਪਈ ਤਾਂ ਸਰਕਾਰ ਨੂੰ ਵਿਰੋਧੀ ਪਾਰਟੀ ਵੱਲੋਂ ਖਰੀਆਂ ਖਰੀਆਂ ਸੁਣਨੀਆਂ ਪਈਆਂ। ਪਰ ਹੁਣ ਚੀਨ ਵਿਚ ਕਰੋਨਾ ਕੰਟਰੋਲ ਵਿਚ ਹੈ ਅਤੇ ਸੰਕਟ ਸਮੇਂ ਵਿਚ ਆਸਟਰੀਆ ਵੱਲੋਂ ਦਿੱਤੀ ਮਦਦ ਬਦਲੇ ਚੀਨ ਨੇ ਹੁਣ ਉਹੀ ਸਮਾਨ ਆਸਟਰੀਆ, ਇਟਲੀ ਅਤੇ ਹੋਰ ਦੇਸ਼ਾਂ ਲਈ 130 ਟਨ ਕਰ ਕੇ ਦੋ ਜਹਾਜ਼ਾਂ ਵਿਚ ਵਾਪਸ ਭੇਜ ਰਿਹਾ ਹੈ।

ਵੱਡਾ ਅਕਾਰ ਦੇਖਣ ਲਈ ਫੋਟੇ ਤੇ ਕਲਿੱਕ ਕਰੋ

ਵੱਡਾ ਅਕਾਰ ਦੇਖਣ ਲਈ ਫੋਟੇ ਤੇ ਕਲਿੱਕ ਕਰੋ

ਹਸਪਤਾਲਾਂ ਵਿਚ ਪਾਬੰਦੀਆਂ
ਹਸਪਤਾਲਾਂ ਵਿਚ ਮਰੀਜ਼ਾਂ ਨੂੰ ਮਿਲਣ ਵਾਲੇ ਰਿਸ਼ਤੇਦਾਰਾਂ ਤੇ ਪਾਬੰਦੀ ਲਾ ਦਿੱਤੀ ਗਈ। ਹਸਪਤਾਲ ਕਰਮਚਾਰੀਆਂ ਲਈ ਉਨ੍ਹਾਂ ਲਈ ਪਛਾਣ-ਪੱਤਰ ਜ਼ਰੂਰੀ ਹੋ ਗਿਆ। ਉਹ ਪਛਾਣ-ਪੱਤਰ ਬਿਨਾਂ ਦਿਖਾਏ ਅੰਦਰ ਨਹੀਂ ਜਾ ਸਕਦੇ ਹਨ। ਖਾਣੇ ਵਾਲੀਆਂ ਕੈਨਟੀਨਾਂ ਵਿਚ ਵੀ ਮੇਜ਼ ਦੂਰ ਦੂਰ ਕਰ ਦਿੱਤੇ ਗਏ ਅਤੇ ਮੇਜ਼ ਦੁਆਲੇ ਸਿਰਫ਼ ਦੋ ਜਾਣੇ ਹੀ 1 ਮੀਟਰ ਦੀ ਦੂਰੀ ਤੇ ਬੈਠ ਸਕਦੇ ਹਨ। ਸਾਰੇ ਕਾਮਿਆਂ ਨੂੰ ਮਾਸਕ ਅਤੇ ਦਸਤਾਨੇ ਪਹਿਨ ਕੇ ਕੰਮ ਕਰਨ ਦੀਆਂ ਹਦਾਇਤਾਂ ਹਨ। ਹਸਪਤਾਲਾਂ ਵਿਚ ਸੈਨੀਟਾਈਜ਼ਰ ਬੋਤਲਾਂ ਦੁਬਾਰਾ ਭਰਨ ਤੇ ਪਾਬੰਦੀ ਹੋ ਗਈ, ਕਿਉਂਕਿ ਹਸਪਤਾਲਾਂ 'ਚੋਂ ਸੈਨੀਟਾਈਜ਼ਰ ਦੀ ਚੋਰੀਆਂ ਬਹੁਤ ਹੋਣ ਲੱਗ ਪਈਆਂ ਹਨ। ਹਸਪਤਾਲਾਂ ਦੇ ਮੁੱਖ ਦਰਵਾਜ਼ਿਆਂ ਤੇ ਸੁਰੱਖਿਆ ਕਰਮਚਾਰੀ ਤੈਨਾਤ ਕਰ ਦਿੱਤੇ ਗਏ ਅਤੇ ਗ਼ੈਰ-ਮੁਲਾਜ਼ਮਾਂ ਨੂੰ ਬੁਖ਼ਾਰ ਚੈੱਕ ਕਰਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਂਦਾ ਹੈ। ਬਿਮਾਰੀਆਂ ਅਤੇ ਦਰਦਾਂ ਦੇ ਅਪਰੇਸ਼ਨ, ਜਿਨ੍ਹਾਂ ਕਰਕੇ ਜਾਨ ਨੂੰ ਕੋਈ ਖ਼ਤਰਾ ਨਹੀਂ, ਉਹ ਕਰੋਨਾ ਸੰਕਟ ਤੋਂ ਬਾਅਦ ਕਰ ਦਿੱਤੇ ਗਏ।   

ਆਮ ਜਨ-ਜੀਵਨ ਪ੍ਰਭਾਵਿਤ
90% ਲੋਕ ਘਰ ਰਹਿੰਦੇ ਕਰਕੇ ਵਿਆਨਾ ਵਿਚ ਹੁਣ ਟਰੇਨਾਂ, ਬੱਸਾਂ (ਆਵਾਜਾਈ ਦੇ ਸਾਧਨ) ਲਗਭਗ ਖ਼ਾਲੀ ਹੀ ਚੱਲਦੀਆਂ ਹਨ। ਬਿਜਲਈ ਸਮਾਨ ਦੇ ਸਟੋਰ ਬੰਦ ਹੋਣ ਕਰਕੇ ਅਖ਼ਬਾਰਾਂ ਵਿਚ ਵਪਾਰਿਕ ਮਸ਼ਹੂਰੀਆਂ ਆਉਣੀਆਂ ਬਿਲਕੁਲ ਹੀ ਬੰਦ ਹੋ ਗਈਆਂ। ਸਿਰਫ਼ ਸਰਕਾਰ ਵੱਲੋਂ ਐਡਾਂ ਰਾਹੀ ਲੋਕਾਂ ਨੂੰ ਕਰੋਨਾ ਤੋਂ ਬਚਾਅ ਅਤੇ ਲੜਨ ਲਈ ਜਾਗਰੂਕ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਅਖ਼ਬਾਰਾਂ ਦੇ ਪੱਤਰਕਾਰ ਵੀ ਘਰੋਂ ਬੈਠ ਕੇ ਖ਼ਬਰਾਂ ਆਨਲਾਈਨ ਭੇਜਦੇ ਹਨ। ਘਰੇ ਰਹਿਣ ਦੇ ਹੁਕਮ ਕਰਕੇ ਪਰਿਵਾਰਕ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆਉਣ ਲੱਗ ਪਏ ਹਨ। ਇਸੇ ਕਰਕੇ ਪ੍ਰਸ਼ਾਸਨ ਹੁਣ ਔਰਤਾਂ ਲਈ ਇੱਕ ਖ਼ਾਸ ਨੰਬਰ ਅਤੇ ਮਦਦ ਦੀਆਂ ਐਡਾਂ ਅਖ਼ਬਾਰਾਂ ਵਿਚ ਦੇਣ ਲੱਗ ਪਈ ਹੈ। ਇਸੇ ਹੀ ਕਾਰਨਾਂ ਕਰਕੇ ਚੀਨ ਵਿਚ ਵੀ ਤਲਾਕਾਂ ਦੀ ਦਰ ਬਹੁਤ ਵੱਧ ਗਈ ਹੈ। ਪਰ ਆਸਟਰੀਆ ਵਿਚ ਜਿਨ੍ਹਾਂ ਨੇ ਤਲਾਕ ਲਈ ਕੇਸ ਕੀਤੇ ਹੋਏ ਹਨ, ਉਨ੍ਹਾਂ ਨੂੰ ਹੁਣ ਹੋਰ ਸਬਰ ਕਰਨਾ ਪਵੇਗਾ। ਕਿਉਂਕਿ ਅਦਾਲਤਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ, ਦਸੰਬਰ ਵਿਚ (9 ਮਹੀਨਿਆਂ ਬਾਅਦ) ਨਵ-ਜੰਮੇ ਬੱਚਿਆਂ ਦੀ ਸੁਨਾਮੀ ਆਉਣ ਦੀ ਆਸ ਲਗਾਈ ਜਾ ਰਹੀ ਹੈ। ਲੋਕ ਕਰੋਨਾ ਤੋਂ ਬਚਾਅ ਲਈ ਆਪਣੀ ਰੋਗ-ਨਿਰੋਧਕ (ਇਮਿਉਨਿਟੀ) ਤਾਕਤ ਵਧਾਉਣ ਲਈ ਵਿਟਾਮਿਨਾਂ ਦੀਆਂ ਬੋਤਲਾਂ ਚੜ੍ਹਵਾਂ ਰਹੇ ਹਨ। ਨਵ-ਜੰਮੇ ਬੱਚਿਆਂ ਦੇ ਪਿਤਾਵਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ।

ਵਿਕਸਿਤ ਦੇਸ਼ ਦੀਆਂ ਵਿਕਸਤ ਗੱਲਾਂ
ਗ਼ੈਰ-ਜ਼ਰੂਰੀ ਕੰਮ-ਕਾਰ ਕਰਨ ਵਾਲਿਆਂ ਕਾਮੇ, ਜਿਹੜੇ ਮਹੀਨੇ ਦੇ 160 ਘੰਟੇ ਕੰਮ ਕਰਦੇ ਸਨ, ਉਨ੍ਹਾਂ ਨੂੰ 16 ਘੰਟੇ ਕੰਮ ਲਈ ਹੀ 10% ਕੰਪਨੀ ਵੱਲੋਂ ਅਤੇ ਬਾਕੀ ਘਰੇ ਬੈਠੇ ਹੀ 70-80% ਸਰਕਾਰ ਵੱਲੋਂ ਤਨਖ਼ਾਹ ਦਿੱਤੀ ਜਾ ਰਹੀ ਹੈ ਤਾਂ ਕਿ ਬੇਰੁਜ਼ਗਾਰੀ ਭਿਅੰਕਰ ਰੂਪ ਧਾਰਨ ਨਾ ਕਰ ਲਵੇ। ਇਹ ਵੀ ਜ਼ਿਕਰਯੋਗ ਹੈ ਕਿ ਮੰਤਰੀ ਆਪ 4 ਹਫ਼ਤੇ ਤੋਂ ਰੋਜ਼ਾਨਾ (ਸੱਤੇ ਦਿਨ) 16 ਘੰਟੇ ਕੰਮ ਕਰ ਰਹੇ ਹਨ। ਕਿਉਂਕਿ ਤਿਆਰੀ ਕਰਕੇ ਰੋਜ਼ (ਸ਼ਨੀ-ਐਤ ਵੀ) ਹੀ ਸਿੱਧੇ ਪ੍ਰਸਾਰਨ (ਵੀਡੀਓ) ਰਾਹੀ ਰਿਆਇਤਾਂ, ਹਦਾਇਤਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। 

1700 ਤੱਕ ਕਮਾਉਣ ਵਾਲਿਆਂ ਨੂੰ 90% ਮਿਲਦੇ ਹਨ

ਕਰੋਨਾ ਦੇ ਫ਼ਾਇਦੇ ਕੀ ਹੋਏ?
ਘਰੇ ਰਹਿਣ ਦੀ ਪਾਬੰਦੀ ਅਤੇ ਸੈਲਾਨੀਆਂ ਦੀ ਵਾਪਸੀ ਕਰਕੇ ਕੁਦਰਤ ਨੇ ਸੁੱਖ ਦਾ ਸਾਹ ਲਿਆ ਹੈ। ਦੁਰਲੱਭ ਮਛਲੀਆਂ ਸਮੁੰਦਰ ਕੰਢੇ ਦੇਖਣ ਨੂੰ ਮਿਲ ਰਹੀਆਂ ਹਨ। ਸੈਟੇਲਾਈਟ ਤਸਵੀਰਾਂ ਵਿਚ ਚੀਨ ਦੀ ਹਵਾ ਸਾਫ਼ ਦਿਸਣ ਲੱਗ ਪਈ ਹੈ। ਸੈਲਾਨੀਆਂ ਦੀਆਂ ਗ਼ੈਰ-ਹਾਜ਼ਰੀਆਂ ਕਰਕੇ ਇਟਲੀ ਸ਼ਹਿਰ ਦੀਆਂ ਝੀਲਾਂ ਦੇ ਥੱਲੇ ਦਿਸਣ ਲੱਗ ਪਏ ਹਨ। ਮਾਪੇ ਆਪਣੇ ਬੱਚਿਆਂ ਨਾਲ ਵੱਧ ਸਮਾਂ ਗੁਜ਼ਾਰ ਰਹੇ ਹਨ। ਘਰੇ ਰਹਿਣ ਕਰਕੇ ਘਰਾਂ ਦੀ ਸਫ਼ਾਈ ਵੱਧ ਹੋਣ ਲੱਗ ਪਈ ਹੈ। ਮਨੁੱਖ ਆਪਣੇ ਹੱਥਾਂ ਦੀ ਸਫ਼ਾਈ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਿਆ ਹੈ। ਇਸ ਦਾ ਮਤਲਬ ਇਹ ਵੀ ਹੈ, ਅੱਗੋਂ ਤੋਂ ਮਹਾਂਮਾਰੀ ਦੇ ਫੈਲਾਅ ਨੂੰ ਘੱਟ ਮੌਕਾ ਦਿੱਤਾ ਜਾਵੇਗਾ। ਘਰਾਂ ਵਿਚ ਰਿਹਾਇਸ਼ ਹੋਣ ਕਰਕੇ ਚੋਰੀਆਂ ਹੋਣੀਆਂ ਬੰਦ ਹੋ ਗਈਆਂ ਹਨ। ਅਪਰਾਧ ਤੇ ਨਸ਼ਿਆਂ ਨੂੰ ਠੱਲ੍ਹ ਪੈ ਗਈ ਹੈ। ਆਂਢੀ-ਗੁਆਂਢੀ ਨਾਲ ਮਿਲਵਰਤਨ ਵੱਧ ਗਿਆ ਹੈ। ਸ਼ਾਮ ਨੂੰ ਮੁਫ਼ਤ ਬਾਲਕੋਨੀ-ਸੰਗੀਤ ਸੁਣਨ ਨੂੰ ਮਿਲ ਰਿਹਾ ਹੈ। ਸਭ ਤੋਂ ਵੱਡੀ ਗੱਲ ਤਜਰਬਾ ਹੋਣ ਕਰਕੇ ਅਗਲੀ ਮਹਾਂਮਾਰੀ ਲਈ ਪ੍ਰਸ਼ਾਸਨ ਅਤੇ ਲੋਕ ਹੁਣ ਪਹਿਲਾ ਤੋਂ ਹੀ ਤਿਆਰ ਹੋ ਗਏ ਹਨ।

ਇਸ ਦੀ ਇੱਕ ਉਦਾਹਰਨ ਤਾਈਵਾਨ ਦੇਸ਼ ਹੈ। ਜਿਸ ਨੇ ਸਾਲ 2002-03 ਦੀ ਸਾਰਸ ਮਹਾਂਮਾਰੀ ਤੋਂ ਬਹੁਤ ਕੁੱਝ ਸਿੱਖਿਆ ਸੀ। ਇਸੇ ਕਰਕੇ ਤਾਈਵਾਨ ਨੇ ਸਹੀ ਸਮੇਂ ਤੇ ਸਖ਼ਤ ਫ਼ੈਸਲੇ ਲਏ ਅਤੇ ਚੀਨ ਦੇ ਲਾਗੇ ਹੋਣ ਦੇ ਬਾਵਜੂਦ ਕਰੋਨਾ ਤੇ ਜਿੱਤ ਪ੍ਰਾਪਤ ਕੀਤੀ। ਤਾਈਵਾਨ ਨੇ ਸੈਨਿਕਾਂ ਤੋਂ ਗੋਲੀ-ਬੰਦੂਕ ਲੈ ਕੇ ਛਿੜਕਾਅ-ਬੰਦੂਕ (ਸਪਰੇਅ) ਫੜਾ ਦਿੱਤੀ। ਸਕੂਲਾਂ ਵਿਚ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ। ਸਮਾਗਮਾਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਤੇ ਰੋਕ ਲਗਾ ਦਿੱਤੀ। ਜੇ ਆਉਂਦੇ ਵੀ ਤਾਂ 14 ਦਿਨਾਂ ਲਈ ਇਕਾਂਤਵਾਸ ਵਿਚ ਰੱਖਿਆ ਜਾਂਦਾ ਸੀ। “ਕਰੋਨਾ ਰੋਕੂ” ਐਪ ਨਾਲ ਲੋਕਾਂ ਤੇ ਨਜ਼ਰ ਰੱਖੀ ਅਤੇ ਇਲਾਜ ਕੀਤਾ।

ਚੇਤਾ ਰਹੇ, ਕਰੋਨਾ ਇਕ ਅਜਿਹੀ ਛੂਤਮਈ ਮਹਾਂਮਾਰੀ ਹੈ, ਜੋ ਚੁੰਬੜਨ ਲੱਗੀ ਧਰਮ, ਜਾਤ, ਰੰਗ ਅਤੇ ਲਿੰਗ ਨਹੀਂ ਦੇਖਦੀ। ਮਤਲਬ ਠੋਸ ਰਣਨੀਤੀ, ਸਾਫ਼-ਸਫ਼ਾਈ, ਦੂਰੀ ਸੰਬੰਧੀ ਸਾਵਧਾਨੀ ਅਤੇ ਜਾਗਰੂਕਤਾ ਹੀ ਕਰੋਨਾ ਦਾ ਤੋੜ ਹੈ।

ਭਵਿੱਖ ਵਿਚ ਕੀ ਹੋਵੇਗਾ?
ਜਿਵੇਂ ਕਿ ਹੁੰਦਾ ਹੀ ਹੈ, ਹਰ ਵੱਡੀ ਘਟਨਾ ਤੇ ਹਾਲੀਵੁੱਡ ਤੇ ਬਾਲੀਵੁੱਡ ਫ਼ਿਲਮ ਬਣਾਉਣ ਲਈ ਤਿਆਰ ਹੋ ਜਾਂਦਾ ਹੈ, ਸੋ ਹੈਰਾਨ ਨਾ ਹੋਇਓ, ਜੇ ਨੇੜ-ਭਵਿੱਖ ਵਿਚ ਕਰੋਨਾ ਕਹਿਰ ਤੇ ਫ਼ਿਲਮਾਂ ਦਾ ਹੜ੍ਹ ਦਿਸਣ ਨੂੰ ਮਿਲੇ। ਹੁਣ ਕੁੱਝ ਸਵਾਲ ਇਹ ਹਨ ਕਿ ਕਰੋਨਾ ਕਹਿਰ ਤੋਂ ਬਾਅਦ ਦੁਨੀਆ ਕੀ ਕਰੇਗੀ? ਕੀ ਚੀਨ ਦੀਆਂ ਗ਼ੈਰ-ਕਾਨੂੰਨੀ ਪ੍ਰਯੋਗਸ਼ਾਲਾਵਾਂ ਉੱਤੇ ਪਾਬੰਦੀਆਂ ਲਾਈਆਂ ਜਾਣਗੀਆਂ? ਕੀ ਚੀਨ ਦੁਨੀਆ ਨੂੰ ਨਾਲ ਲੈ ਕੇ ਚੱਲੇਗਾ? ਇਸ ਤੋਂ ਇਲਾਵਾ ਦੇਸ਼ਾਂ ਦੇ ਇੰਨੇ ਵੱਡੇ ਪੱਧਰ ਤੇ ਹੋਏ ਮਾਲੀ ਨੁਕਸਾਨ ਦੀ ਭਰਪਾਈ ਕੋਣ ਕਰੇਗਾ? ਕੀ ਯੌਰਪੀ-ਸੰਘ ਤੇ ਹੋਰ ਵੱਡੇ ਦੇਸ਼ ਗੂਗਲ, ਫੇਸਬੁੱਕ ਅਤੇ ਐਪਲ ਤੇ ਬੇਤੁਕੇ ਇਲਜ਼ਾਮ ਲਾ ਕੇ ਜੁਰਮਾਨਿਆਂ ਰਾਹੀ, ਉਨ੍ਹਾਂ ਦੇ 'ਕਮਾਈ ਕੇਕ' ਵਿਚੋਂ ਹਿੱਸੇ ਲੈ ਕੇ ਆਪਣੇ ਖ਼ਜ਼ਾਨੇ ਭਰਨਗੇ। ਪਰ ਇਹ ਸਭ ਤਾਂ ਹੁਣ ਸਮਾਂ ਹੀ ਦੱਸੇਗਾ।

ਬਚਾਅ 'ਚ ਬਚਾਅ ਹੈ
ਮੁੱਢਲੇ ਤੌਰ ਨਾਮੁਰਾਦ ਬਿਮਾਰੀ ਕਰੋਨਾ ਲਾ-ਇਲਾਜ ਹੈ, ਪਰ ਪਰਹੇਜ਼ ਹੀ ਇਲਾਜ ਹੈ।
ਇਸ ਕਰੋਨਾ ਕਹਿਰ ਦੇ ਸੰਕਟ ਸਮੇਂ ਵਿਚ ਹੱਥ ਫੜ ਕੇ ਨਹੀਂ, ਹੱਥ ਛੱਡ ਕੇ ਚੱਲਣ ਦੀ ਲੋੜ ਹੈ ਤੇ
ਉਹ ਵੀ ਇੱਕ ਮੀਟਰ ਦੀ ਦੂਰੀ ਰੱਖ ਕੇ। ਫਿਲਹਾਲ ਦੂਰੀ ਮਜਬੂਰੀ ਹੈ, ਪਰ ਜ਼ਰੂਰੀ ਹੈ।
ਪਰ ਦੂਰੀ ਮਨੁੱਖ ਤੋਂ ਰੱਖਣੀ ਹੈ, ਮਨੁੱਖਤਾ ਤੋਂ ਨਹੀਂ।
ਆਪਣਾ ਖਿਆਲ ਰੱਖ ਕੇ ਹੀ, ਆਪਣੇ ਪਰਿਵਾਰ ਦਾ ਖਿਆਲ ਰੱਖ ਸਕਦੇ ਹੋ।
ਹੱਥ ਧੋਂਦੇ ਰਹੋ, ਨਹੀਂ ਤੇ ਜਾਨ ਤੋਂ ਹੱਥ ਧੋਣੇ ਪੈ ਸਕਦੇ ਹਨ। ਭੁੱਲਣਾ ਨਹੀਂ, ਜਾਨ ਹੈ ਤਾਂ ਜਹਾਨ ਹੈ।
ਮਹਾਂਮਾਰੀ ਦੇਸ਼ਾਂ ਦੀਆਂ ਹੱਦਾਂ ਟੱਪਦੀ ਹੈ, ਪਰ ਮਨੁੱਖ ਆਪਣੇ ਘਰ ਦੀ ਹੱਦ ਨਾ ਟੱਪ ਕੇ ਬੱਚ ਸਕਦਾ ਹੈ।


Corona ਸ਼ਬਦ ਕੋਸ਼:

Corona ਸ਼ਬਦ ਕੋਸ਼:

Corona:                               ਕਰੋਨਾ (ਕੋਰੋਨਾ, ਕਾਰੋਨਾ, ਕਰੋਨਾਂ)
Infection ਇਨਫੈਕਸ਼ਨ:               ਲਾਗ
Infected ਇਨਫੈਕਟਿਡ:               ਲਾਗਧਾਰਕ, ਲਾਗ ਪੀੜਿਤ, ਲਾਗਕਾਰ
Virus ਵਾਇਰਸ:                       ਵਿਸ਼ਾਣੂ
Immunity ਇਮਿਉਨਿਟੀ:             ਰੋਗ ਪ੍ਰਤੀਰੋਧਕ ਤਾਕਤ
Positive: ਪਾਜ਼ੇਟਿਵ                   ਹਾਂ-ਪੱਖੀ
(ਪੋਜ਼ੇਟਿਵ, ਪੌਜ਼ੇਟਿਵ, ਪੌਜ਼ਟਿਵ)
Negative ਨੈਗੇਟਿਵ (ਨੈਗਟਿਵ):     ਨਾ-ਪੱਖੀ
Biologic War

ਬਾਇਓਲੌਜਿਕ ਵਾਰ:                   ਜੈਵਿਕ ਜੰਗ
Isolation
ਆਇਸੋਲੇਸ਼ਨ:            ਇਕਾਂਤਵਾਸ, ਅੱਡਰਾਪਣ, ਵੱਖਰਤਾ
Isolated ਆਇਸੋਲੇਟਿਡ:            ਵੱਖਰਾ, ਵੱਖਰਕਾਰ
Ventilator
 ਵੈਂਟੀਲੇਟਰ:            ਸਾਹ-ਪੱਖਾ
Spray ਸਪਰੇਅ:                    ਛਿੜਕਾ, ਛਿੜਕਾਅ
ਤਸਦੀਕ: ਕਰੋਨਾ ਮਰੀਜ਼ਾਂ ਦੀ ਤਸਦੀਕ (ਪੁਸ਼ਟੀ) ਹੋਈ
ਕਰੋਨਾ ਵਾਇਰਸ ਨੇ ਆਪਣੇ ਲਪੇਟੇ 'ਚ ਲੈ ਲਏ

Curfew ਕਰਫਿਊ:                   ਘਰਬੰਦੀ (ਮੁਕੰਮਲ-ਬੰਦੀ)
Lockdown ਲੌਕ (ਲਾਕ) ਡਾਊਨ:   ਜ਼ਿੰਦਾਬੰਦੀ (ਦੁਕਾਨਾਂ ਨੂੰ), ਕੁੰਡਾਬੰਦੀ (ਘਰਾਂ ਨੂੰ)
(ਆਵਾਜਾਈ-ਬੰਦੀ, ਸਰਕਾਰੀ ਚੱਕਾ ਰੋਕ <-> ਚੱਕਾ ਜਾਮ)
Shutdown ਸ਼ੱਟ ਡਾਊਨ:             ਕੰਮਬੰਦੀ (ਗ਼ੈਰ-ਜ਼ਰੂਰੀ ਕੰਮ ਬੰਦੀ)
ਗ਼ੈਰ-ਜ਼ਰੂਰੀ ਸੇਵਾਵਾਂ ਬੰਦੀ, ਗ਼ੈਰ-ਜ਼ਰੂਰੀ ਕਾਰੋਬਾਰ ਬੰਦੀ, ਗ਼ੈਰ-ਜ਼ਰੂਰੀ ਚੀਜ਼ਾਂ ਬੰਦੀ
ਗ਼ੈਰ-ਜ਼ਰੂਰੀ ਆਵਾਜਾਈ ਬੰਦੀ
Quarantine ਕੁਰਾਟੀਨ:              ਸਵੈ-ਇਲਾਜ, ਰੋਕ-ਸਮਾਂ, ਪੱਤਣ-ਰੋਕ
(ਕੁਆਰੰਟੀਨ, ਕਵਾਰੰਟਿਨ)
Sanitizer
ਸੈਨੀਟਾਇਜ਼ਰ, (ਸੈਨੇਟਾਇਜ਼ਰ):        ਬੇਲਾਗ-ਪਾਣੀ (ਸ਼ੁਧੀਕਰਨ-ਪਾਣੀ)
Recovery (ਰਿਕਵਰੀ):            ਸਿਹਤਯਾਬ, ਮੁੜ-ਰਾਜ਼ੀ, ਮੁੜ-ਸੁਧਾਰ, ਮੁੜ-ਰੋਗ ਮੁਕਤ
Mask ਮਾਸਕ:                        ਮੂੰਹਕੱਜ, ਨਕਾਬ, ਮਾਸਕ
ਕਰੋਨਾ (ਪੁਲਿੰਗ):                      ਕਰੋਨਾ ਫੈਲ ਗਿਆ

ਐਨ ਆਰ ਆਈਜ਼ ਨੂੰ ਟਰੇਸ, ਟਰੈਕ, ਟੈਸਟ ਅਤੇ ਟਰੀਟ ਕੀਤਾ ਜਾਵੇਗਾ।
ਪ੍ਰਦੇਸੀਆਂ ਦੀ ਸੁਰਾਗ, ਪੈੜ, ਜਾਂਚ ਅਤੇ ਇਲਾਜ ਕੀਤਾ ਜਾਵੇਗਾ।

Tags: word words Meaning in punjabi, what is meaning of ... in punjabi dictionary, pronunciation, synonyms and definitions of ... in punjabi and English


ਪੰਨਾ ਤਾਜ਼ਾ ਕੀਤਾ:
24.03.2020 1.0
12.04.2020 1.1

ਹਰਦੀਪ ਸਿੰਘ ਮਾਨ ਦੀ ਲੇਖ-ਸੂਚੀ                                            ਲੇਖ ਲਿੰਕ: 5abi.com

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com