ਹਰਦੀਪ ਸਿੰਘ ਮਾਨ ਕਲਾਕਾਰੀ

ਲੋਕਾਂ ਦੇ ਪਿਆਰ ਤੋਂ ਵੱਡਾ ਕੋਈ ਐਵਾਰਡ ਨਹੀਂ - ਹਰਬੰਸ ਸਿੰਘ ਜੰਡੂ ਲਿੱਤਰਾਂ ਵਾਲਾ

ਮੁਲਾਕਾਤੀ: ਹਰਦੀਪ ਸਿੰਘ ਮਾਨ, ਅਸਟਰੀਆ

Hardeep Singh Mann and Jandu Littrawala
ਹਰਦੀਪ ਸਿੰਘ ਮਾਨ ਅਤੇ ਜੰਡੂ ਲਿਤਰਾਂ ਵਾਲਾ

ਗੀਤਕਾਰੀ ਬਾਰੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਰੱਬੀ ਦਾਤ ਹੁੰਦੀ ਹੈ ਤੇ ਕੁਝ ਕਹਿੰਦੇ ਹਨ ਜ਼ਿੰਦਗੀ ਦੇ ਕੌੜੇ ਤਜਰਬਿਆਂ, ਸਮਾਜਿਕ ਬੁਰਾਈਆਂ ਦੇ ਵਿਰੋਧ ਅਤੇ ਸਭਿਆਚਾਰ ਦੀ ਸੰਭਾਲ ਲਈ ਗੀਤ ਦਾ ਜਨਮ ਹੁੰਦਾ ਹੈਗੀਤ ਨੂੰ ਜਨਮ ਦੇਣ ਵਾਲਾ "ਗੀਤਕਾਰ" ਕਹਿਲਾਉਂਦਾ ਹੈ, ਜਿਵੇਂ ਬੱਚਾ ਜਨਮ ਤਾਂ ਔਰਤ (ਮਾਂ) ਦੀ ਕੁੱਖ ਤੋਂ ਲੈਂਦਾ ਹੈ, ਪਰ ਵੱਡਾ ਹੋ ਕੇ ਬੇਗਾਨਿਆਂ ਦਾ ਬਣ ਜਾਂਦਾ ਹੈ, ਉਸੇ ਤਰ੍ਹਾਂ ਦਾ ਕੁਝ ਗੀਤਕਾਰ ਨਾਲ ਹੁੰਦਾ ਹੈਗੀਤ ਦੇ ਹਿੱਟ ਹੋਣ ਤੋਂ ਬਾਅਦ ਗਾਇਕ 'ਤੇ ਕੰਪਨੀ ਪੈਸਾ ਅਤੇ ਸ਼ੋਹਰਤ ਖੱਟਦੇ ਹਨ, ਪਰ ਗੀਤਕਾਰ ਨੂੰ ਗੀਤ ਵਿਚ ਸਿਰਫ਼ ਇਕ ਆਪਣਾ ਨਾਮ ਦੇ ਕੇ ਸਬਰ ਦਾ ਘੁੱਟ ਭਰਨਾ ਪੈਂਦਾ ਹੈਪਰ ਕਈ ਬਾਰੀ ਉਸ ਦਾ ਇਹ ਹੱਕ ਵੀ ਖੋਹ ਲਿਆ ਜਾਂਦਾ ਹੈਭਾਵੇਂ ਅੱਜਕੱਲ੍ਹ ਗੀਤਕਾਰਾਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ ਮਿਲਣ ਲੱਗ ਪਿਆ ਹੈ, ਪਰ ਉਹ ਸਿਰਫ਼ ਕੁਝ ਇਕ ਨਾਮਵਰ ਗੀਤਕਾਰਾਂ ਨੂੰ ਹੀ ਮਿਲਦਾ ਹੈਨਵੇਂ ਗੀਤਕਾਰਾਂ ਦੇ ਅੱਜ ਵੀ ਉਹੀ ਹਾਲਾਤ ਹਨ

 

ਵਧੀਆ ਗੀਤਕਾਰੀ ਬਹੁਤ ਹੀ ਜ਼ਿੰਮੇਵਾਰੀ ਅਤੇ ਸਮਝਦਾਰੀ ਦਾ ਕਾਰਜ ਹੈਤਿੰਨ ਦਹਾਕਿਆਂ ਤੋਂ ਜੋ ਇਸ ਜ਼ਿੰਮੇਵਾਰੀ ਨੂੰ ਬਖ਼ੂਬੀ ਨਿਭਾ ਰਿਹਾ ਹੈ, ਉਸ ਗੀਤਕਾਰ ਦਾ ਨਾਮ ਹੈ 'ਜੰਡੂ ਲਿੱਤਰਾਂ ਵਾਲਾ' ਉਰਫ਼ ਹਰਬੰਸ ਸਿੰਘ ਜੰਡੂ। "ਗਿੱਧਿਆਂ ਦੀਏ ਰਾਣੀਏ" ਗੀਤ ਅਤੇ ਆਪਣੀ ਸਾਫ਼ ਸੁਥਰੀ ਕਲਮ ਨਾਲ ਪੰਜਾਬੀ ਸਰੋਤਿਆਂ ਦੇ ਦਿਲਾਂ ਵਿਚ ਆਪਣੀ ਪਹਿਚਾਣ ਬਣਾਉਣ ਵਾਲੇ ਹਰਬੰਸ ਜੀ ਬਹੁਤ ਹੀ ਮਿਲਣਸਾਰ, ਸਿਆਣੇ ਅਤੇ ਸੁਲਝੇ ਹੋਏ ਇਨਸਾਨ ਹਨਪੇਸ਼ ਹੈ ਪਾਠਕਾਂ ਲਈ 'ਹਰਬੰਸ ਸਿੰਘ ਜੰਡੂ ਲਿੱਤਰਾਂ ਵਾਲਾ' ਨਾਲ ਹੋਈ ਖੁੱਲ੍ਹੀ ਮੁਲਾਕਾਤ:

 

੧) ਸਭ ਤੋਂ ਪਹਿਲਾਂ ਸ਼ੁਰੂਆਤੀ ਸਵਾਲ ਆਪਣੇ ਪਿਛੋਕੜ ਅਤੇ ਪੜ੍ਹਾਈ ਬਾਰੇ ਦੱਸੋ?

ਮੇਰਾ ਪਿੰਡ ਲਿੱਤਰਾਂ ਹੈ ਅਤੇ ਜ਼ਿਲ੍ਹਾ ਜਲੰਧਰ ਦੀ ਨਕੋਦਰ ਤਹਿਸੀਲ 'ਚ ਆਉਂਦਾ ਹੈਮੈਂ ਮੁੱਢਲੀ ਵਿੱਦਿਆ ਆਪਣੇ ਪਿੰਡ ਅਤੇ ਮੈਟ੍ਰਿਕ ਨਾਲ ਦੇ ਪਿੰਡ ਸ਼ੰਕਰ ਦੇ ਖਾਲਸਾ ਸਕੂਲ ਵਿਚ ਕੀਤੀ

 

੨) ਹਰਬੰਸ ਜੀ, ਹੁਣ ਆਪਣੇ ਪਰਿਵਾਰ ਬਾਰੇ ਕੁਝ ਚਾਨਣਾਂ ਪਾਓ?

ਮੈਂ 1967 'ਚ ਇੰਗਲੈਂਡ ਆਇਆਬੱਚੇ ਆਪਣੇ ਪੰਜ ਮੁੰਡੇ ਅਤੇ ਇਕ ਗੁੱਡੀ ਹੈਸਾਰੇ ਆਪੋ ਆਪਣੇ ਕੰਮਾਂ ਵਿਚ ਲੱਗੇ ਹੋਏ ਹਨਬਹੁਤ ਚੰਗਾ ਸਮਾਂ ਨਿਕਲ ਰਿਹਾ ਹੈਮੇਰੇ ਬੱਚਿਆਂ ਦੇ ਵੀ ਅੱਗੇ ਬੱਚੇ ਹਨ

 

੩) ਤੁਸੀਂ ਗੀਤਕਾਰੀ ਦੇ ਖੇਤਰ ਵਿਚ ਕਿਵੇਂ ਆਏ?

ਦਰਅਸਲ ਮੇਰੇ ਵੱਡੇ ਭਰਾ 'ਦਰਸ਼ਨ ਸਿੰਘ ਦਰਸ਼ਨ' ਹੁਣੀਂ ਕਾਫ਼ੀ ਦੇਰ ਤੋਂ ਕਵਿਤਾ ਲਿਖਦੇ ਹੁੰਦੇ ਸਨਹੁਣ ਵੀ ਲਿਖਦੇ ਹਨਉਨ੍ਹਾਂ ਦਾ ਜ਼ਿਆਦਾਤਰ ਰੁਝਾਨ ਧਾਰਮਿਕ ਜਾਂ ਹਾਸਰਸ ਵੱਲ ਸੀਜਦੋਂ ਘਰ ਵਿਚ ਇਕ ਬੰਦਾ ਇੱਦਾਂ ਦਾ ਕੰਮ ਕਰਦਾ ਹੋਵੇ ਤਾਂ ਕੁਦਰਤੀ ਗੱਲ ਹੈ ਕਿ ਕਿਸੇ ਹੋਰ ਨੂੰ ਵੀ ਸ਼ੌਕ ਹੋ ਹੀ ਜਾਂਦਾਮੇਰੇ ਮਨ ਵਿਚ ਵੀ ਬਹੁਤ ਹੁੰਦਾ ਸੀ ਕਿ ਮੈਂ ਵੀ ਲਿਖਾਦਰਅਸਲ ਮੈਂ ਛੋਟੀ ਉਮਰ ਵਿਚ ਹੀ ਸਟੇਜਾਂ 'ਤੇ ਧਾਰਮਿਕ ਕਵਿਤਾ ਪੜ੍ਹਨ ਲਗ ਪਿਆ ਸੀਫਿਰ ਜਦੋਂ ਇੰਗਲੈਂਡ ਵਿਚ ਆਏ ਤਾਂ ਇੱਥੇ 1968 'ਚ ਇਕ ਗੀਤਾਂ ਦਾ ਮੁਕਾਬਲਾ ਦੇਸ ਪ੍ਰਦੇਸ ਵਲੋਂ ਕਰਵਾਇਆ ਗਿਆਉਸ ਵਿਚ 52 ਗੀਤਕਾਰਾਂ ਨੇ ਹਿੱਸਾ ਲਿਆਉਨ੍ਹਾਂ ਬਵੰਜਾ ਵਿਚੋਂ ਮੇਰਾ ਦੂਜਾ ਨੰਬਰ ਆਇਆਇਸ ਕਰਕੇ ਉਦੋਂ ਯਾਰਾਂ-ਦੋਸਤਾਂ ਨੇ ਵੀ, ਕੁਝ ਲੇਖਕਾਂ ਨੇ ਵੀ ਅਤੇ ਖ਼ਾਸ ਤੌਰ ਤੇ ਮੇਰੇ ਭਰਾ ਨੇ ਕਿਹਾ ਕਿ ਕਵਿਤਾ ਤਾਂ ਤੂੰ ਇੰਨੀ ਵਧੀਆ ਨਹੀਂ ਲਿਖ ਸਕਦਾ, ਤੂੰ ਗੀਤ ਲਿਖਿਆ ਕਰਮੈਂ ਉਦੋਂ ਤੋਂ ਗੀਤ ਲਿਖਦਾ ਹਾਂ, ਪਰ ਕਵਿਤਾ ਵੀ ਛੱਡੀ ਨਹੀਂ, ਨਾਲ ਨਾਲ ਲਿਖੀ ਜਾਈ ਦੀ ਹੈ

 

ਹਰਬੰਸ ਸਿੰਘ ਜੰਡੂ ਲਿਤਰਾਂ ਵਾਲਾ੪) ਉਹ ਕਿਹੜਾ ਗੀਤ ਸੀ ਜਿਸ ਨੇ ਤੁਹਾਨੂੰ ਬਵੰਜਾ ਗੀਤਕਾਰਾਂ ਵਿਚੋਂ ਦੂਜੇ ਨੰਬਰ ਤੇ ਲਿਆਂਦਾ?

"ਜੇ ਮੁੰਡਿਆਂ ਤੂੰ ਮੈਨੂੰ ਨੱਚਦੀ ਦੇਖਣਾ ਤਾਂ ਸੂਟ ਸਵਾ ਦੇ ਫਿਟ ਮੁੰਡਿਆਂ, ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆਂ ...।"

 

੫) ਤੁਸੀਂ ਗੀਤ ਤੋਂ ਇਲਾਵਾ ਹੋਰ ਕੀ ਲਿਖਦੇ ਹੋ?

ਸਭ ਤੋਂ ਪਹਿਲਾਂ ਮੈਂ ਕਵਿਤਾ ਹੀ ਲਿਖਣੀ ਸ਼ੁਰੂ ਕੀਤੀਫਿਰ ਧਾਰਮਿਕ ਕਵਿਤਾਵਾਂ ਵੀ ਲਿਖੀਆਂਹੋਰ ਮੈਨੂੰ ਸਟੇਜਾਂ ਤੇ ਬੋਲਣ ਦਾ ਸ਼ੌਕ ਹੁਣ ਵੀ ਹੈਹਰ ਸਟੇਜ ਤੇ ਮੈਂ ਬੋਲਦਾ ਹਾਂਚਾਹੇ ਕੋਈ ਸਟੇਜ ਕੌਮੀ ਹੋਵੇ, ਸੋਸ਼ਲ ਹੋਵੇ, ਹਾਸਰਸ ਹੋਵੇ ਜਾਂ ਧਾਰਮਿਕ ਹੋਵੇਮੈਂ ਹਰ ਟਾਈਪ ਦੀ ਕਵਿਤਾ, ਜਿਸਨੂੰ ਸਭਿਆਚਾਰਕ ਕਹਾਉਣ ਦਾ ਹੱਕ ਹੋਵੇ, ਉਹ ਲਿਖਦਾ ਹਾਂ ਤੇ ਤਕਰੀਬਨ ਹਰ ਹਫ਼ਤੇ ਕਿਤੇ ਨਾ ਕਿਤੇ ਜ਼ਰੂਰ ਬੋਲਦਾ ਹਾਂਲੋਕਾਂ ਦਾ ਬੜਾ ਪਿਆਰ ਹੈਸ਼ੇਅਰ ਵੀ ਕਦੇ ਕਦੇ ਲਿਖ ਲਈਦੇ ਹਨ

 

੬) ਲਿਖਤ ਕਲਾ ਤੋਂ ਇਲਾਵਾ ਹੋਰ ਕਿਹੜੇ ਸ਼ੌਕ ਹਨ?

ਗੀਤਕਾਰੀ ਦਾ ਸ਼ੌਕ ਹੀ ਪੂਰਾ ਹੋ ਜਾਵੇ ਤਾਂ ਥੋੜਾਇਹਦੇ ਵਲੋਂ ਹੀ ਵਿਹਲ ਨਹੀਂ ਮਿਲਦਾ ਤਾਂ ਹੋਰ ਕੀ ਕਰਨਾਦਰਅਸਲ ਇਹੀ ਮੇਰਾ ਸਭ ਤੋਂ ਵੱਡਾ ਸ਼ੌਕ ਹੈ

 

੭) ਤੁਹਾਡਾ ਇਹ ਸ਼ੌਕ ਹੁਣ ਕਿੱਤਾ ਬਣ ਚੁੱਕਾ ਹੈ ਜਾਂ ਹੋਰ ਵੀ ਕੋਈ ਕੰਮ ਕਰਦੇ ਹੋ?

ਮੈਂ ਤਕਰੀਬਨ ਤੀਹ ਸਾਲ ਕੰਮ ਕੀਤਾ, ਉਦੋਂ ਵੀ ਗੀਤ ਲਿਖਦਾ ਹੁੰਦਾ ਸੀਹੁਣ ਮੈਂ ਬਿਲਕੁਲ ਕੰਮ ਨਹੀਂ ਕਰਦਾ ਤੇ ਹੁਣ ਵੀ ਲਿਖਦਾ ਹਾਂਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਿਲਾਂ ਗੀਤਕਾਰਾਂ ਨੂੰ ਸਿੰਗਰ ਲੋਕ ਜਾਂ ਕੰਪਨੀਆਂ ਕੁਝ ਨਹੀਂ ਸੀ ਦਿੰਦੀਆਂਪਰ ਹੁਣ ਗੀਤਕਾਰਾਂ ਨੂੰ ਮਿਹਨਤਾਨਾ ਦੇਣ ਦਾ ਥੋੜਾ-ਥੋੜਾ ਰਿਵਾਜ ਜਿਹਾ ਚੱਲ ਪਿਆ ਹੈਪਰ ਉਸ ਨਾਲ ਗੁਜ਼ਾਰਾ ਤਾਂ ਨਹੀਂ ਚੱਲ ਸਕਦਾ, ਪਰ ਗੀਤ ਲਿਖਣ ਲਈ ਜਾਂ ਹੋਰ ਕੁਝ ਕਰਨ ਨੂੰ ਚਾਲੂ ਰੱਖਣ ਲਈ ਤੁਹਾਨੂੰ ਥੋੜਾ ਜਿਹਾ ਆਸਰਾ ਜ਼ਰੂਰ ਹੈ

 

੮) ਤੁਸੀਂ ਕਿਸ ਗੀਤਕਾਰ ਤੋਂ ਪ੍ਰਭਾਵਿਤ ਹੋ ਅਤੇ ਕਿੰਨ੍ਹਾਂ ਗੀਤਕਾਰਾਂ ਨੂੰ ਪਸੰਦ ਕਰਦੇ ਹੋ?

ਵੈਸੇ ਮੈਂ ਹਰ ਗੀਤਕਾਰ ਦੀ ਤੇ ਹਰ ਲੇਖਕ ਦੀ ਕਦਰ ਕਰਦਾ ਹਾਂ, ਪਰ ਪਤਾ ਨਹੀਂ ਕਿਉਂ? ਇਹ ਰੱਬ ਜਾਣਦਾ, ਮੇਰੇ ਦਿਲ ਵਿਚ 'ਦੇਵ ਥਰੀਕਿਆਂ ਵਾਲਾ' ਬੈਠਾ ਰਿਹਾ ਮੁੱਢ ਤੋਂ'ਹਰਦੇਵ ਦਲਗੀਰ' ਜਿਨ੍ਹਾਂ ਨੇ ਮਾਣਕ ਸਾਹਿਬ ਲਈ ਗੀਤ ਲਿਖਿਆ ਸੀ ਕਿ 'ਸਾਹਿਬਾਂ ਬਣੀ ਭਰਾਵਾਂ ਦੀ ...' ਮੈਂ ਉਨ੍ਹਾਂ ਦੀ ਗੀਤਕਾਰੀ ਬੋਲੀ ਨੂੰ ਬਹੁਤ ਲਾਈਕ ਕੀਤਾਬਹੁਤ ਜ਼ਿਆਦਾਜੇ ਸੱਚ ਪੁੱਛਿਆ ਜਾਵੇ ਤਾਂ ਮੈਂ ਸਿਰਫ਼ ਉਸ ਤੋਂ ਪ੍ਰਭਾਵਿਤ ਹਾਂ

 

ਹੋਰ ਸਾਰੇ ਹੀ ਗੀਤਕਾਰ ਚੰਗੇ ਹਨਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾਅੱਜਕੱਲ੍ਹ 'ਸ਼ਮਸ਼ੇਰ ਸੰਧੂ' ਬੜਾ ਵਧੀਆ ਲਿਖ ਰਿਹਾ ਹੈ'ਜਸਬੀਰ ਗੁਣਾਚਾਰੀਆ' ਨੰਬਰ ਬਨ, 'ਦਵਿੰਦਰ ਖੰਨੇਵਾਲਾ' ਅਤੇ 'ਬਾਬੂ ਸਿੰਘ ਮਾਨ' ਹਨਨੂਰਪੂਰੀ ਸਾਹਿਬ ਬਹੁਤ ਵਧੀਆ ਗੀਤਕਾਰ ਹੋਏ ਹਨਇੰਗਲੈਂਡ ਵਿਚ ਵੀ ਬਹੁਤ ਅੱਛੇ ਅੱਛੇ ਗੀਤਕਾਰ ਬੈਠੇ ਆਂਪਰ ਮੇਰਾ ਮਨ ਦੇਵ ਥਰੀਕਿਆਂ ਵਾਲੇ ਦੀ ਕਲਮ ਨੂੰ ਨਮਸਕਾਰ ਕਰਦਾ ਹੈ

 

੯) ਤੁਸੀਂ ਗੀਤਕਾਰੀ ਵਿੱਦਿਆ ਵੀ ਕਿਸੇ ਕੋਲੋਂ ਲਈ?

ਇਹ ਸੁਆਲ ਮੇਰੇ ਕੋਲੋਂ ਬਹੁਤ ਵਾਰੀ ਪੁੱਛਿਆ ਗਿਆਦਰਅਸਲ ਮੈਂ ਸੱਚੀ ਗੱਲ ਦੱਸਾਂ, ਮੇਰਾ ਕੋਈ ਉਸਤਾਦ ਨਹੀਂ। (ਹੱਸਦੇ ਹੋਏ) ਹੁਣ ਤਾਂ ਇਸ ਤਰ੍ਹਾਂ ਕਹਿ ਲਵੋ "ਆਪੇ ਹੀ ਸ਼ਾਗਿਰਦ ਹਾਂ ਤੇ ਆਪੇ ਹੀ ਉਸਤਾਦ।"

 

੧੦) ਹਰਬੰਸ ਜੀ, ਤੁਸੀਂ ਗੀਤ ਕਿਉਂ ਲਿਖਦੇ ਹੋ?

ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਇਕ ਗੀਤ ਅਜਿਹਾ ਲਿਖਾਂ, ਜਿਸਦੀ ਅਛਾਈ ਦੇਖ, ਲੋਕ ਉਸਨੂੰ ਸਦਾ ਯਾਦ ਰੱਖਣਚਾਹੇ ਉਹ ਗੀਤ ਸਮਾਜਿਕ ਹੋਵੇ ਜਾਂ ਲੋਕ ਗੀਤ, ਪਰ ਉਸ ਵਿਚ ਕਸ਼ਿਸ਼ ਇੰਨੀ ਹੋਵੇ, ਸੱਚਾਈ ਇੰਨੀ ਹੋਵੇ ਕਿ ਲੋਕ ਉਸਨੂੰ ਕਹਿਣ ਕਿ ਇਹ ਸਾਡਾ ਗੀਤ ਹੈਇਸ ਚੀਜ਼ ਨੂੰ ਮੁੱਖ ਰੱਖ ਕੇ ਲਿਖੀਦਾ ਹੈਹੋ ਸਕਦਾ ਕੋਈ ਗੀਤ ਮੇਰਾ ਇੰਨਾ ਕਾਮਯਾਬ ਹੋਇਆ ਹੋਵੇ ਜਾਂ ਹੋ ਰਿਹਾ ਹੋਵੇ ਜਾਂ ਹੋਵੇਗਾ, ਇਹ ਲੋਕ ਜਾਣਦੇ ਹਨ

 

੧੧) ਗੀਤ ਰਚਨਾ ਲਈ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਚਾਹੀਦਾ ਹੈ?

ਜਦੋਂ ਇਕੱਲਤਾ ਜਿਹੀ ਹੋਵੇ, ਕੱਲੇ ਹੋਈਏਬਾਹਰ ਹੋਈਏ ਜਾਂ ਘਰ ਹੋਈਏ, ਕੋਈ ਖ਼ਾਸ ਫ਼ਰਕ ਨਹੀਂਪਰ ਮਨ ਨੂੰ ਇਕ ਪਾਸੇ ਲਾਉਣ ਲਈ ਇਕੱਲਤਾ ਦੀ ਬਹੁਤ ਜ਼ਰੂਰਤ ਹੁੰਦੀ ਹੈਜਦੋਂ ਮਨ ਨੂੰ ਖ਼ੁਸ਼ ਕਰਨਾ ਹੋਵੇ ਤਾਂ ਗੀਤ ਲਿਖਣ ਬਹਿ ਜਾਈਦਾਥੋੜਾ ਥੋੜਾ ਕਰਕੇ ਮੈਂ ਕਦੇ ਨਹੀਂ ਗੀਤ ਲਿਖਿਆਪੂਰਾ ਕਰਕੇ ਕਲਮ ਰੱਖੀਦੀ ਆਂ ਜਾਂ ਗੀਤ ਦਾ ਪਲਾਟ ਬਣਾਂ ਕੇ

 

੧੨) ਤੁਹਾਡੇ ਗੀਤਾਂ ਦੀ ਕੋਈ ਕਿਤਾਬ ਵੀ ਛਪੀ ਹੈ?

ਨਹੀਂ, ਮੈਂ ਮੇਰੇ ਗੀਤਾਂ ਦੀ ਕੋਈ ਕਿਤਾਬ ਨਹੀਂ ਛਪਵਾਈਇਸ ਗੱਲੋਂ ਮੈਂ ਬਹੁਤ ਪਿੱਛੇ ਰਿਹਾਇਹ ਮੇਰੇ ਵਿਚ ਘਾਟ ਹੀ ਰਹੀ ਹੈਪਰ ਹੁਣ ਕੋਸ਼ਿਸ਼ ਹੈ ਕਿ ਚਾਰ-ਪੰਜ ਮਹੀਨਿਆਂ ਤੱਕ ਇਕ ਅੱਧੀ ਕਿਤਾਬ ਜ਼ਰੂਰ ਬਾਹਰ ਆਵੇ

 

੧੩) ਤੁਹਾਡੇ ਪਹਿਲੇ ਗੀਤ ਨੂੰ ਕਿਸ ਨੇ ਆਵਾਜ਼ ਦਿੱਤੀ?

ਮੇਰਾ ਪਹਿਲਾਂ ਗੀਤ ਗੁਰਦੇਵ ਬੱਲੀ, ਪੰਜਾਬ ਦੀ ਬਹੁਤ ਮਸ਼ਹੂਰ ਗਾਇਕਾ ਅਤੇ ਉਨ੍ਹਾਂ ਦੇ ਨਾਲ ਕਰਨੈਲ ਚੀਮਾ ਨੇ ਗਾਇਆਗੀਤ ਦੇ ਬੋਲ ਸਨ "ਪੂਰੀ ਪੂਰੀ ਨੀ ਕਟਾਈ, ਤੇਰੇ ਬੜੀ ਫਿਟ ਆਈ, ਮੁਟਿਆਰ ਭਾਬੀਏ।" ਉਸ ਤੋਂ ਬਾਅਦ ਤਾਂ ਚੱਲ ਸੋ ਚੱਲ ਕਈ ਹਜ਼ਾਰਾਂ ਦੇ ਹਿਸਾਬ ਨਾਲ ਗੀਤ ਲਿਖੇ ਤੇ ਹੁਣ ਤਾਂ ਕਦੇ ਗਿਣ ਵੀ ਨਹੀਂ ਹੋਏ ਨਾ ਹੀ ਗਿਣ ਹੁੰਦੇ ਹਨਬਹੁਤੇ ਆਰਟਿਸਟਾਂ ਨੇ ਸਮਝਿਆ ਕਿ ਕੋਈ ਚੰਗਾ ਗੀਤ ਗਾਉਣਾ ਤਾਂ ਜੰਡੂ ਲਿੱਤਰਾਂ ਵਾਲੇ ਕੋਲ ਚਲਦੇ ਹਾਂਵੈਸੇ ਕੁਦਰਤ ਵਲੋਂ ਮੈਨੂੰ ਵੀ ਜਿੰਨੇ ਵੀ ਆਰਟਿਸਟ ਮਿਲੇ, ਉਹ ਚੰਗਾ ਗੀਤ ਗਾਉਣਾ ਚਾਹੁੰਦੇ ਸਨਮੇਰੇ ਸਾਰੇ ਹੀ ਗੀਤ, ਮੈਂ ਤਾਂ ਹੰਡਰਡ ਪ੍ਰਸੈਨਟ ਇਹੀ ਕਹੂਗਾਂ ਕਿ ਮੈਂ ਭੰਗੜੇ ਦਾ ਗੀਤ ਜਾਂ ਧਾਰਮਿਕ ਜਾਂ ਹੋਰ ਵੀ ਕਿਸੇ ਵਿਸ਼ੇ ਤੇ ਲਿਖੇ, ਉਹ ਸਾਰੇ ਹੀ ਫੈਮਲੀ ਵਿਚ ਬੈਠ ਕੇ ਸੁਣੇ ਜਾ ਸਕਦੇ ਹਨ ਤੇ ਅਗਾਂਹ ਵੀ ਰੱਬ ਇਸੇ ਤਰ੍ਹਾਂ ਦੇ ਲਿਖਾਈ ਜਾਵੇ ਤਾਂ ਚੰਗੀ ਗੱਲ ਆਂ

 

ਬਲਵਿੰਦਰ ਸਫਰੀ, ਕੁਲਦੀਪ ਮਾਣਕ, ਜੰਡੂ ਲਿਤਰਾਂ ਵਾਲਾ੧੪) ਤੁਹਾਡੇ ਗੀਤ ਕਿਹੜੇ ਕਿਹੜੇ ਗਾਇਕਾਂ ਨੇ ਰਿਕਾਰਡ ਕਰਵਾਏ?

ਜਿੰਨੇ ਬਾਹਰ ਗਾਇਕ ਹਨ, ਉਹ ਤਾਂ ਸਾਰੇ ਹੀ ਗਾ ਚੁੱਕੇ ਹਨਮਿਸਾਲ ਦੇ ਤੌਰ ਤੇ ਏ ਐੱਸ ਕੰਗ, ਬਲਵਿੰਦਰ ਸਫਰੀ, ਜੈਜ਼ੀ ਬੀ, ਭਿੰਦਾ ਜੱਟ, ਦੋਨੋਂ ਪ੍ਰਦੇਸੀ ਗਰੁੱਪ, ਦੇਸੀ ਬੁਆਏਜ਼, ਡੀ ਸੀ ਐੱਸ, ਆਪਣਾ ਸੰਗੀਤ, ਮਤਲਬ ਤੁਸੀਂ ਕਿਸੇ ਵੀ ਗਰੁੱਪ ਦਾ ਨਾਂ ਲਓ ਤਾਂ ਆਪਾਂ ਹੈਗੇ ਆ ਵਿਚਦਰਅਸਲ ਹੁਣ ਇੰਨੇ ਗਾਇਕ ਤੇ ਗਰੁੱਪ ਮੇਰੇ ਗੀਤ ਗਾ ਚੁੱਕੇ, ਯਾਦ ਨਹੀਂ ਰਹਿੰਦਾਪੰਜਾਬ ਵਿਚ ਵੀ ਕਈ ਗਾਇਕ ਮੇਰੇ ਗੀਤ ਗਾ ਚੁੱਕੇ ਹਨ

 

੧੫) ਗਾਇਕਾਂ ਨੂੰ ਗੀਤ ਤੁਸੀਂ ਆਪ ਦੇਣ ਜਾਂਦੇ ਹੋ ਜਾਂ ਉਹ ਲੈਣ ਆਉਂਦੇ ਹਨ?

ਨਹੀਂ, ਉਹ ਆਪ ਹੀ ਆਉਂਦੇ ਹਨਮੈਂ ਨਹੀਂ ਕਦੇ ਗਿਆਬਹੁਤਾ ਸ਼ੌਕ ਵੀ ਨਹੀਂ ਹੈ ਕਿ ਕਿਸੇ ਨੂੰ ਗੀਤ ਜਾ ਕੇ ਦੇਈਏਦਰਅਸਲ ਗੀਤ ਲੈਣ ਵਾਲੇ ਖ਼ੁਦ ਹੀ ਆ ਜਾਂਦੇ ਹਨ

 

੧੬) ਕੀ ਤੁਸੀਂ ਵੀ ਕੁਝ ਨਵੇਂ ਗਾਇਕਾਂ ਨੂੰ ਸਥਾਪਿਤ ਕੀਤਾ?

ਹੁਣ ਚਾਰ-ਪੰਜ ਮੁੰਡੇ ਕੀਤੇ ਹਨਮੈਨੂੰ ਨਾਮ ਭੁੱਲ ਗਏ, ਅੰਗ੍ਰੇਜ਼ੀ ਜਿਹੇ ਸਨਉਹ ਗੀਤ ਅੰਗਰੇਜ਼ੀ ਵਿਚ ਲਿਖ ਕੇ ਲੈ ਜਾਂਦੇ ਹਨ ਤੇ ਫਿਰ ਗਾ ਦਿੰਦੇ ਹਨ। (ਹੱਸਦੇ ਹੋਏ) ਬੋਲੀ ਕਰਕੇ ਥੁੜੋਂ ਕਿਸੇ ਕੰਮ ਤੋਂ ਪਿੱਛੇ ਰਹਿਣਾ, ਪਰ ਬਹੁਤ ਵਧੀਆ ਗਾਉਂਦੇ ਹਨ

 

੧੭) ਤੁਸੀਂ ਜ਼ਿਆਦਾ ਸੋਲੋ ਗੀਤ ਲਿਖੇ ਜਾਂ ਦੁਗਾਣੇ?

ਮੈਂ ਦੁਗਾਣੇ ਵੀ ਬਹੁਤ ਲਿਖੇਰਿਕਾਰਡ ਵੀ ਬਹੁਤ ਕਰਵਾਏਸੋਲੋ ਤਾਂ ਮੈਂ ਲਿਖਦਾ ਹੀ ਰਹਿੰਦਾ ਹਾਂ ਤਕਰੀਬਨਕਦੇ ਕਿਸੇ ਦੇ ਕੋਈ ਗੀਤ ਪਸੰਦ ਆਉਂਦਾ ਤਾਂ ਲੈ ਜਾਂਦਾ ਹੈ, ਜੇ ਨਹੀਂ ਆਉਂਦਾ ਤਾਂ ਛੱਡ ਵੀ ਜਾਂਦਾਅਗਲੇ ਨੂੰ ਗੀਤ ਪਸੰਦ ਕਰਵਾ ਕੇ ਦੇਈਦਾ, ਇਹ ਗੱਲ ਨਹੀਂ ਕਿ  ਉਸ ਤੇ ਗੀਤ ਠੋਸ ਹੀ ਦਿਉ ਕਿ ਗੀਤ ਗਵਾਉਣਾ ਹੀ ਜ਼ਰੂਰ ਹੈਜ਼ਿਆਦਾਤਰ ਗੀਤਾਂ ਦੀ ਕੋਪੋਜੀਸ਼ਨ ਵੀ ਮੈਂ ਹੀ ਤਿਆਰ ਕਰ ਕੇ ਦਿੰਦਾ ਹਾਂਵਜ਼ਨ, ਬਹਿ, ਤੋਲ ਹਰ ਪਾਸੇ ਪੂਰਾ ਕੰਮਪਲੀਟ ਹੀ ਹੁੰਦਾਉਸਨੂੰ ਬਹੁਤਾ ਕੱਟਣਾ-ਵੱਢਣਾ ਨਹੀਂ ਪੈਂਦਾਜੇ ਥੋੜੀ ਅਦਲ-ਬਦਲ ਕਰਨੀ ਪੈ ਜਾਵੇ ਤਾਂ ਗਾਇਕ ਮੇਰੇ ਨਾਲ ਫ਼ੋਨ ਤੇ ਸੰਪਰਕ ਕਰ ਲੈਂਦੇ ਹਨ

 

੧੮) ਤੁਸੀਂ 'ਜੰਡੂ ਲਿੱਤਰਾਂ ਵਾਲਾ' ਦੇ ਨਾਮ ਹੇਠ ਜ਼ਿਆਦਾ ਗੀਤ ਲਿਖੇ?

ਹਾਂ, ਮੈਂ 'ਹਰਬੰਸ ਸਿੰਘ' ਨਾਮ ਹੇਠ ਤਾਂ ਇੰਨੇ ਗੀਤ ਨਹੀਂ ਲਿਖੇ, ਪਰ ਜ਼ਿਆਦਾ ਮੈਂ 'ਜੰਡੂ ਲਿੱਤਰਾਂ ਵਾਲਾ' ਨਾਮ ਹੇਠ ਮਸ਼ਹੂਰ ਹਾਂ'ਹਰਬੰਸ ਸਿੰਘ' ਮੇਰਾ ਅਸਲੀ ਨਾਮ ਹੈ, 'ਜੰਡੂ' ਮੇਰਾ ਗੋਤ ਹੈ ਅਤੇ 'ਲਿੱਤਰਾਂ' ਮੇਰਾ ਪਿੰਡਮੈਂ ਆਪਣੇ ਨਾਮ ਨੂੰ ਪਿੱਛੇ ਰੱਖ ਕੇ ਜੰਡੂ ਲਿੱਤਰਾਂ ਵਾਲੇ ਨਾਮ ਥੱਲੇ ਜ਼ਿਆਦਾ ਗੀਤ ਲਿਖੇਪਰ ਹੁਣ ਪੰਜ-ਛੇ ਮੁੰਡੇ ਹੋਰ ਵੀ ਹਨ, ਜਿਹੜੇ 'ਲਿੱਤਰਾਂ' ਲਿਖਣ ਲੱਗ ਪਏ ਹਨ, ਮੇਰੇ ਕਰਕੇਉਹ 'ਲਿੱਤਰਾਂ' ਲਿਖ ਵੀ ਸਕਦੇ ਆਂ, ਪਰ ਹਰ ਬੰਦੇ ਦਾ ਆਪਣਾ-ਆਪਣਾ ਸਥਾਨ ਹੁੰਦਾ ਹੈਇਹ ਲੋਕਾਂ ਤੇ ਨਿਰਭਰ ਕਰਦਾ ਹੈ ਕਿ ਲੋਕ ਉਸ ਨੂੰ ਕਿਸ ਤਰ੍ਹਾਂ ਸਵੀਕਾਰ ਕਰਦੇ ਹਨ

 

੧੯) ਤੁਹਾਨੂੰ ਪਰਿਵਾਰ ਵਲੋਂ ਕਿਹੋ ਜਿਹਾ ਸਹਿਯੋਗ ਮਿਲਿਆ?

ਬਹੁਤ ਵਧੀਆਮੇਰੇ ਬੱਚੇ ਅਤੇ ਮਿਸਜ਼ਿਜ ਬਹੁਤ ਲਾਈਕ ਕਰਦੇ ਹਨ, ਕਿਉਂਕਿ ਮੈਂ ਲਿਖਦਾ ਹੀ ਉਹ ਚੀਜ਼ ਹਾਂ, ਜਿਸਨੂੰ ਹਰ ਬੱਚਾ-ਬੱਚੀ ਲਾਇਕ ਕਰਨਮੈਨੂੰ ਫੈਮਲੀ ਵਲੋਂ ਤੇ ਯਾਰਾਂ-ਦੋਸਤਾਂ ਵਲੋਂ ਬਹੁਤ ਵਧੀਆ ਸਹਿਯੋਗ ਮਿਲਿਆ

 

੨੦) ਤੁਸੀਂ ਲੋਕ ਗੀਤ ਦੀ ਕੀ ਪਰਿਭਾਸ਼ਾ ਦਉਗੇ?

ਮੇਰੇ ਖ਼ਿਆਲ ਵਿਚ ਬੰਦਾ ਸਾਰੀ ਉਮਰ ਲਿਖੀ ਜਾਵੇ, ਗਾਈ ਜਾਵੇ ਤਾਂ ਉਹ ਲੱਕੀ ਹੈ ਜੇ ਉਹਦਾ ਇਕ ਗੀਤ ਵੀ ਲੋਕ ਗੀਤ ਬਣ ਜਾਵੇਲੋਕ ਗੀਤ ਉਹ ਹੈ ਜਿਸ ਵਿਚ ਪੂਰੀ ਤਹਿਬੀਜ਼ ਹੋਵੇ, ਉਸ ਵਿਸ਼ੇ ਬਾਰੇ ਜਿਸ ਬਾਰੇ ਗੀਤ ਲਿਖਿਆ ਗਿਆਲੋਕ ਉਸ ਗੀਤ ਨੂੰ ਮਾਣ ਨਾਲ ਗਾਉਣਲੋਕ ਇਹ ਕਹਿਣ ਇਹ ਲੇਖਕ ਦਾ ਜਾਂ ਗਾਇਕ ਦਾ ਗੀਤ ਨਹੀਂ, ਇਹ ਸਾਡਾ ਗੀਤ ਹੈਜਿਹੜਾ ਗੀਤ ਕਦੇ ਅਮਿੱਟ ਨਹੀਂ ਹੁੰਦਾਉਸ ਗੀਤ ਨੂੰ ਲੋਕ ਸਦਾ ਹੀ ਗਾਉਣਗੇ, ਜੋ ਅੱਜ ਵੀ, ਪਿੱਛੇ ਵੀ ਤੇ ਭਵਿੱਖ ਵਿਚ ਗਾਇਆ ਜਾਵੇਗਾਲੋਕ ਗੀਤ ਦੀ ਕੋਈ ਉਮਰ ਨਹੀਂ

 

੨੧) ਜੋ ਅੱਜਕੱਲ੍ਹ ਦੁਅਰਥੀ ਗੀਤਕਾਰੀ ਚੱਲ ਰਹੀ ਹੈ?

(ਵਿਚੋਂ ਹੀ ਕੱਟ ਕੇ) ਮੈਂ ਨਹੀਂਨਾ ਹੀ ਮੈਂ ਅੱਜ ਤੱਕ ਕੋਈ ਅਜਿਹਾ ਗੀਤ ਲਿਖਿਆ ਹੈ ਅਤੇ ਨਾ ਹੀ ਲਿਖਣਾ ਹੈਨਾ ਹੀ ਮੈਨੂੰ ਉਹ ਗੀਤ ਚੰਗੇ ਲੱਗਦੇ ਹੈਇਹੋ ਜਿਹੇ ਗੀਤ ਸਭਿਆਚਾਰ ਨੂੰ ਖੋਰਾ ਲਾਉਂਦੇ ਹਨਮੈਂ ਤਾਂ ਇਹ ਵੀ ਕਹਾਂਗਾ ਕਿ ਉਹ ਲੇਖਕ ਨੂੰ ਵੀ ਨੀਵਾਂ ਜਿਹਾ ਰੱਖਦੇ ਹਨਮੈਂ ਦੁਅਰਥੀ ਗੀਤਕਾਰੀ ਦੇ ਟੋਟਲੀ ਬਰਖ਼ਿਲਾਫ਼ ਹਾਂਮੈਂ ਨਹੀਂ ਚਾਹੁੰਦਾ ਕੋਈ ਅਜਿਹਾ ਗੀਤ ਲਿਖੇ, ਜੇ ਕੋਈ ਲਿਖਣ ਦੀ ਗ਼ਲਤੀ ਵੀ ਕਰ ਦਿੰਦਾ ਹੈ ਤਾਂ ਗਾਇਕ ਨੂੰ ਗਾਉਣਾ ਨਹੀਂ ਚਾਹੀਦਾ

 

੨੨) ਲੱਚਰਤਾ ਤੋਂ ਤੁਸੀਂ ਕੀ ਸਮਝਦੇ ਹੋ?

ਬਕਵਾਸ ਸੁਦਾ ਹੀ, ਉਸ ਨੂੰ ਕੋਈ ਗੀਤਕਾਰੀ ਜਾਂ ਗੀਤ ਨਹੀਂ ਕਿਹਾ ਜਾ ਸਕਦਾਉਹ ਤਾਂ ਲੱਚਰ ਗੀਤ ਲਿਖ ਦਿੱਤਾ ਜਾਂ ਗਾਲ ਕੱਢ ਲਈ, ਇਕ ਬਰਾਬਰ ਹੈਪੰਜਾਬ ਦਾ ਸਭਿਆਚਾਰ ਇੰਨਾ ਉੱਚਾ ਹੈ ਕਿ ਇਸ ਵਿਚ ਇਹੋ ਜਿਹੇ ਲਫ਼ਜ਼ ਲਿਆਉਣੇ ਗ਼ਲਤ ਗੱਲ ਹੈਅਸੀਂ ਜਿਸਨੂੰ ਗੁਰੂਆਂ ਦੀ ਬੋਲੀ ਕਹਿੰਦੇ ਹਾਂ, ਉਸ ਵਿਚ ਜਦੋਂ ਅਸੀਂ ਲੱਚਰ ਸ਼ਬਦ ਵਰਤਦੇ ਹਾਂ ਤਾਂ ਸਾਨੂੰ ਖ਼ੁਦ ਨੂੰ ਸ਼ਰਮ ਆਉਣੀ ਚਾਹੀਦੀ ਹੈ

 

੨੩) ਤੁਸੀਂ ਇੰਨੇ ਲੰਬੇ ਚਿਰਾਂ ਤੋਂ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੇ ਆ ਰਹੇ ਹੋ। ਕੀ ਪੰਜਾਬੀਆਂ ਨੇ ਉਸ ਦਾ ਤੁਹਾਨੂੰ ਫਲ ਦਿੱਤਾ ਮਤਲਬ ਮਾਨ-ਸਨਮਾਨ?

ਐਵਾਰਡਾਂ ਨਾਲ ਭਰੀ ਅਲਮਾਰੀਬਹੁਤ ਜ਼ਿਆਦਾ, ਤਕਰੀਬਨ ਜਿੰਨੇ ਕਿਸੇ ਗੀਤਕਾਰ ਨੂੰ ਮਿਲਨੇ ਚਾਹੀਦੇ ਹਨ, ਉਸ ਤੋਂ ਵਾਧੂ ਮਿਲੇ ਹਨਮਾਨ-ਸਨਮਾਨ ਤਾਂ ਅਜੇ ਰਾਤੀ ਲੈ ਕੇ ਆਏ ਹਾਂਪੰਜ ਸਾਲ ਲਗਾਤਾਰ 'ਸਾਲ ਦਾ ਬੈੱਸਟ ਗੀਤਕਾਰ' ਐਵਾਰਡ ਮਿਲਿਆਸਾਰੇ ਗੁਰਦੁਆਰਿਆਂ ਵਲੋਂ ਸਨਮਾਨ ਪੱਤਰ ਮਿਲੇਜੇ ਸੱਚ ਪੁੱਛੋ, ਇੰਨੇ ਇਨਾਮ ਹਨ ਕਿ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ। (ਐਵਾਰਡਾਂ ਵਲ ਦੇਖਦੇ ਹੋਏ) ਮੈਂ ਤੁਹਾਨੂੰ ਪੜ੍ਹ ਪੜ੍ਹ ਕੇ ਦੱਸ ਸਕਦਾ ਹਾਂਇੰਡੀਅਨ ਹਾਈ ਕਮੀਸ਼ਨ ਵਲੋਂ ਐਵਾਰਡ ਮਿਲੇਇਥੋਂ ਦੀ ਸਭਿਆਚਾਰਕ ਸੁਸਾਇਟੀ ਵਲੋਂ ਬਹੁਤ ਵੱਡਾ ਕੱਪ ਮਿਲਿਆਇੱਥੇ ਜਿੰਨੇ ਗਾਉਣ ਵਾਲੇ ਹਨ ਜਾਂ ਭੰਗੜਾ ਗਰੁੱਪ ਵਾਲੇ ਹਨ, ਉਨ੍ਹਾਂ ਨੇ ਬਹੁਤ ਪਿਆਰ ਦਿੱਤਾਕਾਵੈਂਟਰੀ ਦੀ ਇੱਥੇ ਬਹੁਤ ਵੱਡੀ 'ਪੰਜਾਬੀ ਕਲਚਰ ਕਲੱਬ' ਸੁਸਾਇਟੀ ਹੈ ਉਨ੍ਹਾਂ ਨੇ ਬਹੁਤ ਵੱਡਾ ਸਨਮਾਨ ਦਿੱਤਾਇੰਗਲੈਂਡ ਦਾ ਕੋਈ ਐਸਾ ਸ਼ਹਿਰ ਨਹੀਂ ਜਿੱਥੇ ਪੰਜਾਬੀ ਹੋਣ ਤੇ ਮੈਨੂੰ ਨਹੀਂ, ਮਤਲਬ ਮੇਰੀ ਲਿਖਤ ਨੂੰ ਸਨਮਾਨਿਤ ਨਹੀਂ ਕੀਤਾ ਹੋਵੇ

 

ਪਰ ਸਭ ਤੋਂ ਜ਼ਿਆਦਾ ਮਾਨ-ਸਨਮਾਨ ਲੋਕਾਂ ਵਲੋਂ ਹੀ ਹੈ ਕਿ ਜਿਹੜੇ ਸਾਨੂੰ ਸਤਿਕਾਰਦੇ ਹਨਜੇ ਲੋਕਾਂ ਦਾ ਇੰਨਾ ਪਿਆਰ ਨਾ ਹੁੰਦਾ ਤਾਂ ਅਸੀਂ ਕਦ ਦੇ ਖ਼ਤਮ ਹੋਏ ਹੁੰਦੇਸਾਡੇ ਨਾਲ ਕਈ ਉੱਠੇ ਤੇ ਕਈ ਚੁੱਪ ਹੋ ਗਏਲੋਕ ਸੰਗੀਤਕਾਰ ਨੂੰ, ਗਾਇਕ ਨੂੰ ਜਾਂ ਗੀਤਕਾਰ ਨੂੰ ਜਿੰਨਾ ਚਿਰ ਪਿਆਰ ਦਿੰਦੇ ਹਨ, ਉਹ ਉੱਨਾ ਚਿਰ ਹੁੰਦਾ ਹੈ, ਫਿਰ ਉਹ ਖ਼ਤਮ ਹੋ ਜਾਂਦਾ ਹੈ

 

੨੪) ਇੰਗਲੈਂਡ ਤੋਂ ਬਾਹਰ ਵੀ ਤੁਹਾਨੂੰ ਸਨਮਾਨਿਤ ਕੀਤਾ ਗਿਆ?

ਇੰਗਲੈਂਡ ਤੋਂ ਬਾਹਰ ਮੈਂ ਸਿਰਫ਼ ਇਕੋ ਮੁਲਕ ਖ਼ਾਸ ਤੌਰ ਤੇ ਕੈਨੇਡਾ ਹੀ ਗਿਆਉੱਥੇ ਬਹੁਤ ਵੱਡੇ ਵੱਡੇ ਲਿਖਾਰੀਆਂ ਦੀ ਇਕ ਸਾਹਿਤ ਸਭਾ ਹੈ 'ਕਲਮਾਂ ਦਾ ਕਾਫਲਾ' ਉਨ੍ਹਾਂ ਨੇ ਬਹੁਤ ਇੱਜ਼ਤ ਮਾਨ ਦਿੱਤਾਜਿਵੇਂ ਉਹ ਲੋਕਾਂ ਦਾ ਸਨਮਾਨ ਕਰਦੇ ਹਨ, ਉਵੇਂ ਉਨ੍ਹਾਂ ਨੇ ਮੇਰਾ ਕੀਤਾ

 

੨੫) ਤੁਹਾਡੀ ਸਫ਼ਲਤਾ ਦਾ ਸਿਹਰਾ ਕਿਸ ਦੇ ਸਿਰ ਜਾਂਦਾ ਹੈ?

ਮੈਂ ਤਾਂ ਇਹੀ ਕਹਾਗਾਂ ਕਿ ਜਿਹੜੇ ਲੋਕ ਸਹਿਯੋਗ ਦੇ ਰਹੇ ਹਨ, ਉਨ੍ਹਾਂ ਦੇ ਸਿਰਪਰ ਇਕ ਗੱਲ ਜ਼ਰੂਰ ਹੈ, ਆਪਾਂ ਪ੍ਰਮਾਤਮਾ ਨੂੰ ਮੰਨਣ ਵਾਲੇ ਲੋਕ ਹਾਂ ਇਸ ਕਰਕੇ ਜਿਹੜੀ ਉਪਰ ਸ਼ਕਤੀ ਹੈ, ਤਕਦੀਰ ਹੈ, ਉਸ ਤੇ ਵੀ ਬਲੀਵ ਕਰਦਾ ਹਾਂਉਸ ਗੈਬੀ ਸ਼ਕਤੀ ਦੇ ਨਾਲ ਲੋਕਾਂ ਨੂੰ ਅਤੇ ਲੋਕਾਂ ਦੇ ਨਾਲ ਨਾਲ ਉਸ ਸ਼ਕਤੀ ਨੂੰ, ਦੋਨਾਂ ਨੂੰ ਤਰਜੀਹ ਦਿੰਦਾ ਹਾਂਹੋ ਸਕਦਾ ਲੋਕਾਂ ਦੇ ਮਨਾਂ ਵਿਚ ਮਿਹਰ ਹੀ ਉਨ੍ਹਾਂ ਨੇ ਪਾਈ ਹੋਵੇਮੇਰੇ ਵਰਗੇ ਹੋਰ ਬਥੇਰੇ ਕਲਾਕਾਰ ਲੋਕ ਹਨ, ਪਰ ਮੈਂ ਸਮਝਦਾ ਹਾਂ ਕਿ ਜੋ ਸਨਮਾਨ ਮੈਨੂੰ ਮਿਲਿਆ ਹੈ, ਉਹ ਬਹੁਤ ਘੱਟ ਲੋਕਾਂ ਨੂੰ ਮਿਲਿਆ ਹੈ

 

੨੬) ਕੋਈ ਅਜਿਹਾ ਐਵਾਰਡ ਜਿਸ ਦੇ ਤੁਸੀਂ ਹੱਕਦਾਰ ਹੋਵੋ ਤੁਹਾਨੂੰ ਅਜੇ ਤੱਕ ਨਾ ਮਿਲਿਆ ਹੋਵੇ?

ਚੱਲੋ, ਜੇ ਪ੍ਰਮਾਤਮਾ ਵਾਧਾ ਕਰੇ ਤਾਂ ਹਰ ਕਲਾਕਾਰ ਨੂੰ ਇਸ ਤੋਂ ਵੀ ਵੱਧ ਤੋਂ ਵੱਧ ਮਾਨ-ਸਨਮਾਨ ਮਿਲੇਪਰ ਮੇਰੀ ਕਲਮ ਦੀ ਜਿਥੋਂ ਤੱਕ ਉਪਜ ਹੈ, ਉਥੋਂ ਤੱਕ ਲੋਕੀਂ ਮੈਨੂੰ ਸਵੀਕਾਰ ਕਰੀ ਜਾ ਰਹੇ ਹਨ ਤੇ ਉਹ ਸਿਰ-ਮੱਥੇ ਹੈਹੋ ਸਕਦਾ ਜੇ ਉਨ੍ਹਾਂ ਨੂੰ ਮੇਰੀ ਇਸ ਤੋਂ ਵੀ ਹੋਰ ਵੱਡੀ ਚੰਗੀ ਚੀਜ਼ ਲੱਗੇ ਤਾਂ ਉਹ ਇਸ ਤੋਂ ਵੀ ਵੱਡਾ ਇਨਾਮ ਦੇਣਗੇਪਰ ਲੋਕਾਂ ਦਾ ਜੋ ਪਿਆਰ ਹੈ ਇਸ ਤੋਂ ਵੱਡਾ ਐਵਾਰਡ ਅੱਜ ਤੱਕ ਨਾ ਹੋਇਆ ਨਾ ਹੀ ਹੋਣਾ

 

੨੭) ਹਰਬੰਸ ਜੀ, ਤੁਹਾਡੇ ਲਈ ਗੀਤਕਾਰੀ ਕੀ ਹੈ?

ਹੁਣ ਤਾਂ ਸਾਰਾ ਕੁਝ ਇਸ ਨੂੰ ਹੀ ਸਮਝੀਦਾ ਹੈਖ਼ੁਰਾਕ, ਸ਼ੌਕ, ਮਨ ਦਾ ਚੈਨ, ਜੇ ਸੱਚ ਪੁੱਛੋ ਤਾਂ ਭੁੱਖ ਵੀ ਇਹੋ ਹੀ ਹੈਹੁਣ ਤਾਂ ਕੋਈ ਅਜਿਹਾ ਗੀਤ ਲਿਖ ਹੋ ਜਾਵੇ, ਜੇ ਦਾਤਾ ਮਿਹਰ ਕਰੇ ਤਾਂ, ਜੋ ਲਿਖਦੇ ਸਾਰ ਹੀ ਅਮਰ ਹੋ ਜਾਵੇਇਹ ਨਹੀਂ ਕਿ ਦੂਜੇ ਗੀਤ ਘੱਟ ਹਨ, ਪਰ ਫਿਰ ਵੀ ਕਈ ਬਾਰ ਮਨ ਤਾਂ ਬਣਦਾ ਹੈ ਅਜਿਹਾ ਗੀਤ ਲਿਖਣ ਨੂੰ, ਪਰ ਲਿਖ ਨਹੀਂ ਹੁੰਦਾ

 

੨੮) ਗੀਤ ਇਕ ਸੂਖਮ ਕਲਾ ਹੈ, ਇਸ ਨੂੰ ਲਿਖਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋ?

ਪਹਿਲਾਂ ਸਭਿਆਚਾਰ, ਦੂਸਰਾ ਜੋ ਗੀਤ ਮੈਂ ਲਿਖ ਰਿਹਾ ਉਹ ਕਿਸੇ ਨੂੰ ਪੰਚ ਤਾਂ ਨਹੀਂ ਕਰਦਾ, ਤੀਸਰਾ ਗੀਤ ਵਿਚ ਜਿਹੜੀ ਸ਼ੈਲੀ ਜਾਂ ਬੋਲੀ ਵਰਤ ਰਿਹਾ, ਉਹ ਗੀਤਕਾਰੀ ਨਾਲ ਇਨਸਾਫ਼ ਹੈਇਹ ਦੋ-ਤਿੰਨ ਚੀਜ਼ਾਂ ਨੂੰ ਮੁੱਖ ਰੱਖ ਕੇ ਗੀਤ ਨੂੰ ਮੁਕੰਮਲ ਕੀਤਾ ਜਾਂਦਾ ਹੈਹੋ ਸਕਦਾ ਕਈ ਵਾਰ ਘਾਟ ਰਹਿ ਗਈ ਹੋਵੇ, ਕਿਉਂਕਿ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ, ਪਰ ਕੋਸ਼ਿਸ਼ ਕਰੀਦੀ ਹੈ ਕਿ ਅਜਿਹਾ ਨਾ ਹੋਵੇ

 

੨੯) ਕੋਈ ਅਜਿਹਾ ਗੀਤ ਜੋ ਰਿਕਾਰਡ ਹੋਣ ਤੋਂ ਬਾਅਦ ਤੁਸੀਂ ਸੋਚਿਆ ਹੋਵੇ ਕਿ ਇਹ ਗੀਤ ਮੈਨੂੰ ਨਹੀਂ ਲਿਖਣਾ ਚਾਹੀਦਾ ਸੀ?

ਨਹੀਂ, ਅਜੇ ਤੱਕ ਨਹੀਂਬਿਲਕੁਲ ਨਹੀਂ

 

੩੦) ਕੋਈ ਅਜਿਹਾ ਗੀਤ ਜਿਸ ਤੇ ਤੁਹਾਨੂੰ ਫ਼ਖ਼ਰ ਹੋਵੇ ਕਿ ਇਹ ਗੀਤ ਮੈਂ ਲਿਖਿਆ?

ਹਾਂ ਜੀ, ਉਹ ਗੀਤ ਹੈ "ਗਿੱਧਿਆਂ ਦੀਏ ਰਾਣੀਏ, ਗਿੱਧਿਆਂ ਵਿਚ ਆ।" ਇਸ ਗੀਤ ਤੇ ਮੈਨੂੰ ਬਹੁਤ ਪਰਾਊਡ ਹੈਏ ਐੱਸ ਕੰਗ ਨੇ ਇਸ ਗੀਤ ਨੂੰ ਗਾਇਆ ਸੀਮੇਰੇ ਖਿਆਲ ਵਿਚ ਇਸ ਗੀਤ ਨੇ ਮੈਨੂੰ ਤੇ ਕੰਗ ਨੂੰ ਲੋਕਾਂ ਸਾਹਮਣੇ ਲਿਆਂਦਾਹੁਣ ਇਸ ਵਿਚ ਇਹ ਨਹੀਂ ਕਿਹਾ ਸਕਦਾ ਕਿ ਕੰਗ ਸਾਹਿਬ ਹੁਣਾਂ ਨੇ ਮੈਨੂੰ ਜਾਂ ਮੈਂ ਉਨ੍ਹਾਂ ਨੂੰ ਮਸ਼ਹੂਰ ਕੀਤਾਨਹੀਂਇਸ ਗੀਤ ਵਿਚ ਉਹ ਤਿੰਨੇ ਚੀਜ਼ਾਂ ਸਨ, ਜੋ ਲੋਕ ਪਸੰਦ ਕਰਦੇ ਹਨਆਵਾਜ਼ ਸਭ ਤੋਂ ਪਹਿਲੋਂ, ਮਿਊਜ਼ਿਕ ਤੇ ਲਿਖਤਉਸ ਸਮੇਂ ਇਹ ਗੀਤ ਬਹੁਤ ਮਸ਼ਹੂਰ ਹੋਇਆ ਤੇ ਸੋਚਿਆ ਜਾਵੇ ਤਾਂ ਅੱਜ ਵੀ ਉਸੇ ਤਰ੍ਹਾਂ ਚਲ ਰਿਹਾ ਹੈਇਹ ਇਕੋ ਇਕ ਗੀਤ ਹੈ ਜੋ ਸੱਤ-ਅੱਠ ਵਾਰੀ ਰਿਮਿਕਸ ਹੋ ਚੁੱਕਾ ਹੈ

 

੩੧) ਤੁਹਾਨੂੰ ਸ਼ੁਰੂ ਸ਼ੁਰੂ ਵਿਚ ਕਿਨ੍ਹਾਂ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ?

ਮੇਰੇ ਖਿਆਲ ਵਿਚ ਮੈਂ ਕੁਝ ਮਾੜਾ ਲਿਖਿਆ ਨਹੀਂ, ਇਸ ਕਰਕੇ ਪਰੇਸ਼ਾਨੀ ਹੋਣ ਦਾ ਸੁਆਲ ਹੀ ਨਹੀਂਪਰੇਸ਼ਾਨੀਆਂ ਤਦ ਹੁੰਦੀਆਂ ਹਨ ਜੇ ਕਲਚਰ ਤੋ ਹੇਠਾਂ ਲਿਖਿਆ ਜਾਵੇ ਜਾਂ ਪਰਿਵਾਰ ਵਿਚ ਸੁਣਦੇ ਸੁਣਦੇ ਟੇਪ ਬੰਦ ਕਰਨੀ ਪਵੇ

 

੩੨) ਅੱਜਕੱਲ੍ਹ ਕਈ ਗੀਤਕਾਰ ਪੁਰਾਣੇ ਲੋਕ ਗੀਤਾਂ ਨੂੰ ਕਾਟ-ਛਾਂਟ ਕੇ ਨਵੇਂ ਗੀਤ ਲਿਖੀ ਜਾ ਰਹੇ ਹਨ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?

ਇਸ ਨੂੰ ਮੈਂ ਗੀਤਕਾਰੀ ਨਹੀਂ ਕਹਾਗਾਂ ਕਿਉਂਕਿ ਇਸ ਵਿਚ ਮਨ ਦੀ ਸ਼ਾਂਤੀ ਨਹੀਂ ਹੈਇਹ ਤਾਂ ਬਗੈਰ ਮਿਹਨਤ ਕੀਤਿਆਂ ਮਸ਼ਹੂਰ ਹੋਣ ਵਾਲੀ ਗੱਲ ਹੈਜਦੋਂ ਤੁਸੀਂ ਕਿਸੇ ਦੀ ਵਧੀਆ ਚੀਜ਼ ਨੂੰ ਖ਼ਰਾਬ ਕਰਦੇ ਹੋ ਤਾਂ ਤੁਹਾਡਾ ਮਨ ਹੀ ਕਹਿਣ ਲੱਗ ਪੈਂਦਾ ਹੈ ਕਿ ਮੈਂ ਇਹ ਕਰ ਕੀ ਰਿਹਾ ਹਾਂਪਰ ਲੋਕ ਕਰਦੇ ਜ਼ਰੂਰ ਹਨ

 

੩੩) ਗੀਤ ਦਾ ਫੁਰਨਾ ਤੁਹਾਡੇ ਮਨ ਵਿਚ ਕਿਵੇਂ ਫੁਰਦਾ ਹੈ?

ਕਿਤਾਬਾਂ ਪੜ੍ਹੀਦੀਆਂ ਹਨਜਦੋਂ ਬੰਦਾ ਇਕ ਨਾਵਲ ਜਾਂ ਇਕ ਕਿਤਾਬ ਪੂਰਾ ਪੜ੍ਹਦਾ ਹੈ ਤਾਂ ਕੁਝ ਨਵਾਂ ਸਿੱਖਦਾ ਜਾਂ ਨਵੀਂ ਗੱਲ ਦਾ ਪਤਾ ਤਾਂ ਲੱਗਦਾ ਹੈਉਹ ਫਿਰ ਗੀਤ ਬਣ ਜਾਂਦਾ ਹੈਮੈਂ ਜ਼ਿਆਦਾਤਰ ਨਾਵਲ ਪੜ੍ਹਦਾ ਹਾਂ

 

੩੪) ਤੁਸੀਂ ਨਾਵਲ ਦਾ ਜ਼ਿਕਰ ਕੀਤਾ ਹੈ ਤਾਂ ਇਹ ਵੀ ਦੱਸ ਦਿਓ ਕਿ ਤੁਹਾਡੇ ਪਸੰਦੀ ਦੇ ਲੇਖਕ ਕਿਹੜੇ ਹਨ?

ਬੂਟਾ ਸਿੰਘ ਸ਼ਾਦ, ਨਾਨਕ ਸਿੰਘ, ਜਸਵੰਤ ਸਿੰਘ ਕੰਵਲਕਹਾਣੀ ਪੜ੍ਹਨ ਵਿਚ ਤਾਂ ਮੈਨੂੰ ਇੰਨੀ ਦਿਲਚਸਪੀ ਨਹੀਂ ਹੈਪਰ ਨਾਵਲ ਜੇ ਕੋਈ ਨਵੇਂ ਵੀ ਮਿਲ ਜਾਣ ਤਾਂ ਉਹ ਪੜ੍ਹ ਲਈਦੇ ਹਨਬੂਟਾ ਸਿੰਘ ਸ਼ਾਦ ਹੁਣਾਂ ਦੇ ਨਾਵਲ ਤਾਂ ਮੈਂ ਦੋ-ਦੋ, ਤਿੰਨ-ਤਿੰਨ ਵਾਰ ਵੀ ਪੜ੍ਹੇ ਹਨਇਕ ਤਾਂ ਉਨ੍ਹਾਂ ਦੇ ਨਾਵਲਾਂ ਵਿਚ ਮਾਲਵੇ ਦੀ ਬੋਲੀ ਹੁੰਦੀ ਹੈਦੂਜਾ ਮਾਲਵੇ ਦੀ ਬੋਲੀ ਗੀਤਕਾਰੀ ਦਾ ਥੰਮ੍ਹ ਹੈ ਕਿਉਂਕਿ ਇਸ ਵਿਚ ਲਫ਼ਜ਼ ਬਹੁਤ ਸੋਹਣੇ ਸੋਹਣੇ ਹੁੰਦੇ ਹਨਬਸ, ਸਾਨੂੰ ਲਫ਼ਜ਼ਾਂ ਦੀ ਜ਼ਰੂਰਤ ਹੁੰਦੀ ਹੈਗੀਤ ਨੂੰ ਕਿਸ ਤਰ੍ਹਾਂ ਬਣਾਉਣਾ ਇਹ ਗੀਤਕਾਰ ਦੀ ਆਪਣੀ ਸੋਚ ਹੁੰਦੀ ਹੈਤੁਰੇ-ਫਿਰਦੇ ਕੋਈ ਗੀਤ ਨਹੀਂ ਮਿਲਦਾ, ਉਸ ਲਈ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ

 

੩੫) ਤੁਸੀਂ ਗੀਤਕਾਰੀ ਤੋਂ ਇਲਾਵਾ ਹੋਰ ਕਿਵੇਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹੋ?

ਮੈਂ ਇੱਥੇ ਸਾਡੇ ਸ਼ਹਿਰ ਵਿਚ ਅਤੇ ਹੋਰ ਕਈ ਪੰਜਾਬੀ ਸਭਾ ਸੁਸਾਇਟੀਆਂ ਦਾ ਮੈਂਬਰ ਹਾਂ। ਇੰਗਲੈਂਡ ਦੀਆਂ ਜਿੰਨੀਆਂ ਵੀ ਪੰਜਾਬੀਆਂ ਦੀਆਂ ਲਿਖਾਰੀ ਸਭਾਵਾਂ ਹਨ। ਉਨ੍ਹਾਂ ਦੀ ਅਸੀਂ ਸਾਲ 'ਚ ਇਕ-ਦੋ ਬਾਰੀ ਵੱਡੀ ਮੀਟਿੰਗ ਰੱਖਦੇ ਹਾਂਕਦੇ ਇਕ ਵਾਰੀ ਸਾਡੇ ਟਾਊਨ ਵਿਚ ਮੀਟਿੰਗ ਕਰ ਲਈ, ਕਦੇ ਉਨ੍ਹਾਂ ਦੇਇਸ ਨਾਲ ਸਾਡੇ ਜਿੰਨੇ ਵੀ ਲਿਖਾਰੀ ਭੈਣ-ਭਰਾ ਹਨ ਅਤੇ ਹੋਰ ਸਰੋਤਿਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਦਾ ਹੈਇਸ ਨਾਲ ਅਸੀਂ ਸਮਝਦੇ ਹਾਂ ਕਿ ਚਲੋ ਹੋਰ ਕੁਝ ਤਾਂ ਨਹੀਂ ਘੱਟੋ-ਘੱਟ ਪੰਜਾਬੀ ਬੋਲੀ ਬਾਰੇ ਗੱਲਬਾਤ ਤਾਂ ਕੀਤੀ ਜਾਂਦੀ ਹੈ

 

੩੬) ਕੁੜੀਆਂ-ਮੁੰਡਿਆਂ ਦੇ ਵਿਛੋੜੇ ਅਤੇ ਪਿਆਰ ਦੇ ਵਿਸ਼ਿਆਂ ਤੇ ਅੱਜਕੱਲ੍ਹ ਬਹੁਤ ਗੀਤ ਲਿਖੇ ਜਾ ਰਹੇ ਹਨ। ਤੁਸੀਂ ਜ਼ਿਆਦਾਤਰ ਕਿਹੜੇ ਵਿਸ਼ਿਆਂ ਤੇ ਗੀਤ ਲਿਖੇ?

ਮੈਂ ਇਨ੍ਹਾਂ ਵਿਸ਼ਿਆਂ ਤੇ ਬਹੁਤ ਘੱਟ ਹੀ ਲਿਖਿਆਮੇਰਾ ਵਿਸ਼ਾ ਰਿਹਾ ਪੰਜਾਬ ਜਾਂ ਕੋਈ ਸਾਂਝਾਂ ਵਿਸ਼ਾ, ਜਿਸ ਵਿਚ ਏਕਤਾ ਦੀ ਗੱਲ ਹੋਵੇ, ਮਤਲਬ ਕੁੜੀ ਮੁੰਡੇ ਤੋਂ ਵੱਖਰਾ ਨਹੀਂ, ਮੁੰਡਾ ਕੁੜੀ ਤੋਂਬੇਸ਼ੱਕ ਮੁੰਡੇ-ਕੁੜੀ ਦਾ ਵਿਸ਼ਾ ਹੋਵੇ, ਪਰ ਛੱਡਣ-ਛਡਾਉਣ ਦੇ ਮਸਲਿਆਂ ਤੋਂ ਆਪਾਂ ਦੂਰ ਹੀ ਰਹੇ ਹਾਂ। (ਹੱਸਦੇ ਹੋਏ) ਮੈਂ ਇਕ ਬਾਰੀ ਭਗਵੰਤ ਮਾਨ ਦੀ ਕੈਸਟ ਸੁਣ ਰਿਹਾ ਸੀ ਤੇ ਉਨ੍ਹਾਂ ਦੇ ਕਹਿਣ ਵਾਂਗੂ ਜਦ ਤੱਕ ਕੁੜੀ ਜਹਾਜ਼ੇ ਚੜ੍ਹਦੀ ਨਹੀਂ ਤਦ ਤੱਕ ਗੀਤ ਲਿਖਣੋਂ ਹਟਦੇ ਹੀ ਨਹੀਂ

 

੩੭) ਗੀਤਕਾਰ ਦਾ ਜਦੋਂ ਪਹਿਲਾਂ ਗੀਤ ਰਿਕਾਰਡ ਹੁੰਦਾ ਹੈ ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਕੀ ਤੁਹਾਡੇ ਨਾਲ ਵੀ ਇੰਜ ਹੋਇਆ?

ਇਹ ਤੁਹਾਡੀ ਗੱਲ ਬਹੁਤ ਵਧੀਆ ਹੈਇਹ ਸੱਚ ਹੈ, ਜਿਹੜੀ ਪਹਿਲੀ ਪ੍ਰਾਪਤੀ ਲਈ ਖ਼ੁਸ਼ੀ ਹੁੰਦੀ ਹੈ, ਮੇਰੇ ਖ਼ਿਆਲ ਵਿਚ ਉਹ ਸਾਰੀ ਜ਼ਿੰਦਗੀ ਨਹੀਂ ਹੁੰਦੀਮੇਰਾ ਗੀਤ 'ਗਿੱਧਿਆਂ ਦੀ ਰਾਣੀਏ' ਜਦੋਂ ਰਿਕਾਰਡ ਹੋਇਆ, ਅਸੀਂ ਉਸ ਦਿਨ ਬਹੁਤ ਖ਼ੁਸ਼ੀ ਮਨਾਈਇਹ ਗੀਤ ਇੰਟਰਨੈਸ਼ਨਲ ਪੱਧਰ ਤੇ ਆਇਆਇਸ ਗੀਤ ਨੂੰ ਨਰੂਲਾ ਸਾਹਿਬ ਨੇ ਮਿਊਜ਼ਿਕ ਦਿੱਤਾ ਸੀ, ਉਨ੍ਹਾਂ ਨੇ ਵੀ ਇਸ ਗੀਤ ਤੇ ਬਹੁਤ ਜ਼ੋਰ ਲਾਇਆ ਸੀਇਸ ਗੀਤ ਨੂੰ ਸੁਣ ਕੇ ਸਰੋਤਿਆਂ ਨੇ ਹਫ਼ਤਿਆਂ ਵਿਚ ਜਦੋਂ ਫ਼ੋਨ ਕਰ ਕੇ ਵਧਾਈਆਂ ਦਿੱਤੀਆਂ ਤਾਂ ਸਾਨੂੰ ਬਹੁਤ ਖ਼ੁਸ਼ੀ ਹੋਈਉਹ ਅਨੋਖੀ ਖ਼ੁਸ਼ੀ ਸਾਨੂੰ ਕਦੇ ਵੀ ਨਹੀਂ ਭੁੱਲੇਗੀ

 

੩੮) ਜ਼ਿੰਦਗੀ ਦੀ ਕੋਈ ਅਭੁੱਲ ਯਾਦ?

ਨਹੀਂ, ਕੋਈ ਯਾਦ ਨਹੀਂ। (ਕੁਝ ਸੋਚ ਕੇ) ਯਾਦ ਇਕ ਜ਼ਰੂਰ ਹੈਪਰ ਕਈ ਯਾਦਾਂ ਐਸੀਆਂ ਹੁੰਦੀਆਂ ਹਨ, ਜਿਹੜੀਆਂ ਤੁਸੀਂ ਕਹਿ ਨਹੀਂ ਸਕਦੇ, ਪਰ ਭੁਲਾ ਵੀ ਨਹੀਂ ਸਕਦੇਇਕ 'ਮਸਤਾਨ ਸਿੰਘ ਹੀਰਾ' ਇਥੋਂ ਦਾ ਬੜਾ ਅੱਛਾ ਆਰਟਿਸਟ ਹੈਉਸਨੇ ਇਕ ਮੇਰਾ ਗੀਤ ਗਾਇਆ ਸੀ

 

"ਲਾਵਾਂ ਘੁੱਟ ਘੁੱਟ ਸੀਨੇ ਸੋਹਣੇ ਯਾਰ ਦੀਆਂ ਯਾਦਾਂ,

ਮੇਰਾ ਕੱਲਾ ਕੱਲਾ ਗੀਤ ਉਹਦੇ ਪਿਆਰ ਦੀ ਯਾਦਾਂ।"

 

ਮੇਰੇ ਖ਼ਿਆਲ ਵਿਚ ਤੁਹਾਡੇ ਲਈ ਇੰਨਾ ਹੀ ਕਾਫ਼ੀ ਹੋਣਾ

 

੩੯) ਤੁਹਾਡੇ ਗੀਤਾਂ ਵਿਚ ਜ਼ਿਆਦਾ ਕਲਪਨਾ ਹੁੰਦੀ ਹੈ ਜਾਂ ਹਕੀਕਤ?

ਸੁਰਿੰਦਰ ਸ਼ਿੰਦਾਰੀਆਲਟੀ ਜ਼ਿਆਦਾ ਹੁੰਦੀ ਹੈ ਕਲਪਨਾ ਘੱਟ, ਕਿਉਂਕਿ ਤੁਸੀਂ ਸਾਰਾ ਗੀਤ ਕਲਪਨਾ ਨਾਲ ਨਹੀਂ ਲਿਖ ਸਕਦੇਉਸ ਨਾਲ ਗੀਤ ਦਾ ਵਜੂਦ ਹੀ ਨਹੀਂ ਰਹਿੰਦਾਗੀਤ ਜ਼ਿਆਦਾ ਵਧੀਆ ਤਦ ਹੀ ਬਣਦਾ ਹੈ ਜੇ ਗੀਤ ਵਿਚ ਜ਼ਿਆਦਾ ਹਕੀਕਤ ਹੋਵੇ

 

੪੦) ਨਵੇਂ ਗੀਤਕਾਰਾਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ?

ਹਾਂ, ਜ਼ਰੂਰ ਕਹਾਂਗੇਮੈਂ ਤਾਂ ਪਹਿਲਾਂ ਵੀ ਇਹੀ ਕਹਿੰਦਾ ਰਿਹਾ ਹਾਂ ਹੁਣ ਵੀ ਇਹੀ ਕਹੂਗਾਂ ਕਿ ਹਰ ਗੀਤਕਾਰ ਨੂੰ ਚਾਹੇ ਉਹ ਨਵਾਂ ਹੈ ਜਾਂ ਪੁਰਾਣਾਂ, ਉਹ ਲਿਖਣ ਤੋਂ ਪਹਿਲੋਂ ਆਪਣੇ ਸਭਿਆਚਾਰ ਦਾ ਧਿਆਨ ਰੱਖੇ, ਉਸ ਤੋਂ ਬਾਅਦ ਇਹ ਸੋਚੇ ਕਿ ਜੇ ਇਹ ਗੀਤ ਮੇਰੇ ਘਰ ਲੱਗਾ ਹੋਵੇ ਤਾਂ ਮੈਨੂੰ ਟੇਪ ਬੰਦ ਤਾਂ ਨਹੀਂ ਕਰਵਾਉਣੀ ਪਓਜੇ ਉਹਦਾ ਮਨ ਕਹੇ "ਨਹੀਂ" ਤਾਂ ਉਸਨੂੰ ਨਿਧੜਕ ਹੋ ਕੇ ਗੀਤ ਲਿਖਣਾ ਚਾਹੀਦਾ ਹੈਜੇ ਉਹ ਸੋਚਦਾ ਹੈ ਕਿ ਖੂਹ ਤੇ ਸੁਣ ਲਵਾਂਗੇ, ਘਰ ਵਿਚ ਆ ਬੰਦ ਕਰ ਦਵਾਂਗੇ ਤਾਂ ਐਵੇਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੋਈ ਬਾਹਲ਼ਾ ਫ਼ਾਇਦਾ ਨਹੀਂ

 

ਹਰਬੰਸ ਜੀ, ਆਪਣੇ ਵਿਚਾਰਾਂ ਨੂੰ ਸਾਡੇ ਨਾਲ ਸਾਂਝਾਂ ਕਰਨ ਅਤੇ ਵਿਸਥਾਰ ਪੂਰਵਕ ਜਵਾਬਾਂ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।

 

ਸਿਰਫ਼ 5abi.com ਨੂੰ ਭੇਜੀ ਤੇ ਲੱਗੀ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com