ਹਰਦੀਪ ਸਿੰਘ ਮਾਨ ਕਲਾਕਾਰੀ

ਜੱਟ ਅਖਾਣਾਂ ਤੇ ਮੁਹਾਵਰੇ

ਟਾਈਪ ਕਰਤਾ: ਅਦਾਰਾ (JattSite.com)

ਜੱਟ, ਪੱਟ (ਵੱਟ) ਤੇ ਫੱਟ ਬੱਧੇ ਹੀ ਕਾਬੂ (ਰਾਸ) ਆਉਂਦੇ ਨੇ : ਖੇਤ ਦੀ ਵੱਟ ਨਾ ਬੰਨ੍ਹੀਏ ਤਾਂ ਪਾਣੀ ਬਾਹਰ ਵਗ ਜਾਂਦਾ ਹੈ। ਫੱਟ ਤੇ ਪੱਟੀ ਨਾ ਬੰਨ੍ਹੀਏ ਤਾਂ ਖ਼ਰਾਬ ਹੋ ਜਾਂਦਾ ਹੈ, ਰੇਸ਼ਮ ਨੂੰ ਵੀ ਬੰਨ੍ਹ ਕੇ ਨਾ ਰੱਖਿਆ ਜਾਏ ਤਾਂ ਉਲਝ ਜਾਂਦਾ ਹੈ ਤੇ ਜੱਟ ਵੀ (ਕਹਿੰਦੇ ਨੇ) ਬੱਧਾ ਹੀ ਠੀਕ ਰਹਿੰਦਾ ਹੈ।

ਜੱਟ ਸੋਨੇ ਦਾ, ਥੱਲਾ ਪਿੱਤਲ ਦਾ : ਜਦੋਂ ਕਿਸੇ ਵਿਚ ਸੌ ਗੁਣ ਹੁੰਦਿਆ ਨਾਲ ਇਕ ਔਗੁਣ ਵੀ ਹੋਵੇ ਉਦੋਂ ਕਹਿੰਦੇ ਹਨ।

ਜੱਟ ਹੇਠ ਪਿਆ ਵੀ ਮਾਰੇ ਤੇ ਉੱਤੇ ਪਿਆ ਵੀ : ਜਦੋਂ ਕੋਈ ਲਿੱਸਾ ਜਾਂ ਡਾਢਾ ਹੋ ਕੇ ਕਿਸੇ ਨੂੰ ਹਰ ਹਾਲਤ ਵਿਚ ਨੁਕਸਾਨ ਪੁਚਾਏ ਉਦੋਂ ਕਹਿੰਦੇ ਹਨ।

ਜੱਟ ਹੋਇਆ ਕਮਲਾ ਖ਼ੁਦਾ ਨੂੰ ਲੈ ਗਏ ਚੋਰ : ਜਦੋਂ ਕੋਈ ਬੰਦਾ ਜਾਣ ਬੁੱਝ ਕੇ ਭੋਲਾ ਜਾਂ ਯਮਲਾ ਬਣ ਜਾਏ ਉਦੋਂ ਕਹਿੰਦੇ ਹਨ।

ਜੱਟ ਕੀ ਜਾਣੇ ਕੋਕਲੇ (ਗੁਲਗੁਲੇ) ਪਦ ਬਹੇੜੇ ਖਾ : ਇਸ ਅਖਾਣ ਵਿਚ ਜੱਟ ਦੀ ਸਾਦਗੀ ਤੇ ਭੋਲੇਪਣ ਵਲ ਇਸ਼ਾਰਾ ਹੈ ਜੋ ਪਦ ਬਹੇੜੇ ਤੇ ਗੁਲਗੁਲੇ ਵਿਚਲਾ ਫ਼ਰਕ ਵੀ ਨਹੀਂ ਜਾਣਦਾ। ਜਦੋਂ ਕਿਸੇ ਨੂੰ ਇਹੋ ਜਿਹਾ ਭਲਾ ਵੇਖੀਏ, ਉਦੋਂ ਕਹਿੰਦੇ ਹਨ।

ਜੱਟ ਕੀ ਜਾਣੇ ਲੌਗਾਂ ਦਾ ਭਾਅ : ਇਸ ਆਖਾਣ ਵਿਚ ਜੱਟ ਦਾ ਭੋਲਾਪਣ ਦਰਸਾਇਆ ਗਿਆ ਹੈ। ਜੱਟ ਦਾ ਰੋਜ਼ ਦਾ ਵਾਹ ਕਣਕ ਨਾਲ ਹੈ, ਲੌਗਾਂ ਬਾਰੇ ਉਹ ਕੀ ਜਾਣੇ?

ਜੱਟ ਗੰਨਾ ਨਹੀਂ ਦੇਂਦਾ, (ਗੁੜ ਦੀ) ਭੇਲੀ ਦੇ ਦੇਂਦਾ ਹੈ : ਇਸ ਅਖਾਣ ਵਿਚ ਜੱਟ ਦੇ ਅਲਬੇਲੇ ਸੁਭਾਅ ਵਲ ਇਸ਼ਾਰਾ ਹੈ। ਜਿਹੜਾ ਬੰਦਾ ਮੰਗਣ ਤੇ ਥੋੜ੍ਹੀ ਜਿੰਨੀ ਚੀਜ਼ ਵੀ ਨਾ ਦੇਵੇ ਤੇ ਰੌਂ ਵਿਚ ਆਇਆ ਉਸ ਤੋਂ ਕਈ ਗੁਣਾਂ ਵਧ ਦੇਵੇ, ਉਸ ਸੰਬੰਧੀ ਕਹਿੰਦੇ ਹਨ।

ਜੱਟ ਜੱਟਾਂ ਦੇ, (ਭੋਲਾ) ਨਰੈਣ ਦਾ : ਜਦ ਕੋਈ ਬੰਦਾ ਵਿੱਛੜ ਕੇ ਵੀ ਆਪਣਿਆ ਵਿਚ ਹੀ ਆ ਮਿਲੇ, ਉਦੋਂ ਕਹਿੰਦੇ ਹਨ।

ਜੱਟ ਤੇ ਸੂਰ ਬਰਾਬਰ ਜੱਟ ਤੋਲਾ ਭਾਰਾ, ਸੂਰ ਖੁੱਟੇ ਮਰਲਾ ਜੱਟ ਵਿਘਾ ਸਾਰਾ : ਇਸ ਆਖਾਣ ਵਿਚ ਜੱਟ ਨੂੰ ਸੂਰ ਨਾਲੋਂ ਵੀ ਵਧੇਰਾ ਅੱਖੜ ਦੱਸਿਆ ਗਿਆ ਹੈ ਕਿਉਂਕਿ ਜੱਟ ਆਈ ਤੇ ਆਇਆ ਹੋਇਆ ਬੁਰਾ ਹੁੰਦਾ ਹੈ।

ਜੱਟਾਂ ਤੋਂ ਰਾਜ ਨਹੀਂ, ਮੋਠੋਂ ਕਾਜ ਨਹੀਂ : ਜਦੋਂ ਕਿਸੇ ਮਾਮੂਲੀ ਜਿਹੇ ਆਦਮੀ ਪਾਸੋਂ ਵੱਡੀ ਸਾਰੀ ਸਹਾਇਤਾ ਦੀ ਆਸ ਪੂਰੀ ਨਾ ਹੋਵੇ ਉਦੋਂ ਕਹਿੰਦੇ ਹਨ।

ਜੱਟ ਦਾ ਹਾਸਾ ਭੰਨ, ਗੁਆਏ ਪਾਸਾ : ਹਾਸਾ ਠੱਠਾ ਕਰਦਿਆਂ ਜੇ ਕਿਸੇ ਦੀ ਹਰਕਤ ਨਾਲ ਕਿਸੇ ਨੂੰ ਸੱਟ ਫ਼ੱਟ ਲੱਗ ਜਾਏ ਉਦੋਂ ਕਹਿੰਦੇ ਹਨ।

ਜੱਟ ਦੀਆਂ ਸੌ ਮਾਵਾਂ ਹੁੰਦੀਆਂ ਹਨ : ਭਾਵ ਇਹ ਹੈ ਕਿ ਜੱਟ ਦੂਰ ਦੁਰਾਡੇ ਜਾ ਕੇ ਵੀ ਉਥੋਂ ਦੇ ਜੱਟਾਂ ਨਾਲ ਕੋਈ ਨਾ ਕੋਈ ਰਿਸ਼ਤਾ ਕੱਢ ਲੈਂਦਾ ਹੈ ਤੇ ਸਭ ਦਾ ਰਿਸ਼ਤੇਦਾਰ ਬਣ ਜਾਂਦਾ ਹੈ।

ਜੱਟ ਦੇ ਜੌਂ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ : ਭਾਵ ਇਹ ਕਿ ਜਦੋਂ ਫ਼ਸਲ ਪੱਕ ਕੇ ਤਿਆਰ ਹੋ ਜਾਏ ਉਦੋਂ ਨਸ਼ੇ ਵਿਚ ਆਇਆ ਹੋਇਆ ਜੱਟ ਟੁੰਡੇ ਲਾਟ ਦੀ ਵੀ ਪਰਵਾਹ ਨਹੀਂ ਕਰਦਾ ਤੇ ਖ਼ੁਸ਼ੀ ਵਿਚ ਫੁੱਲਿਆ ਮਾਂ ਦਾ ਵੀ ਨਿਰਾਦਰ ਕਰਨੋਂ ਨਹੀਂ ਟਲਦਾ।

ਜੱਟ ਨਾ ਜਾਣੇ ਗੁਣ ਕਰਾ, ਚਣਾ ਨਾ ਜਾਣੇ ਵਾਹ : ਇਸ ਆਖਾਣ ਵਿਚ ਜੱਟ ਤੇ ਛੋਲਿਆਂ ਦੇ ਲੱਛਣ ਦੱਸੇ ਗਏ ਹਨ। ਜੱਟ ਕੀਤੀ ਨੂੰ ਨਹੀਂ ਜਾਣਦਾ ਤੇ ਛੋਲਿਆਂ ਵਾਸਤੇ ਬਹੁਤੀ ਵਾਹੀ ਕਰਨ ਦੀ ਲੋੜ ਨਹੀਂ ਹੁੰਦੀ।

ਜੱਟ ਪੰਜ ਨਹੀਂ ਸਹਿੰਦਾ, ਪੰਜਾਹ ਸਹਿ ਲੈਂਦਾ ਹੈ : ਇਸ ਅਖਾਣ ਵਿਚ ਜੱਟ ਦੇ ਅਲਬੇਲੇ ਸੁਭਾਅ ਦਾ ਜ਼ਿਕਰ ਹੈ। ਝੱਲ ਜਾਏ ਤਾਂ ਸੌ ਗੱਲਾਂ ਝੱਲ ਜਾਏ ਤੇ ਅੜ ਬਹੇ ਤਾਂ ਇਕ ਵੀ ਨਹੀਂ ਝੱਲਦਾ।

ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲਾ : ਇਸ ਅਖਾਣ ਵਿਚ ਜੱਟ ਦੀ ਸਾਦਗੀ ਵਿਅਕਤ ਕੀਤੀ ਗਈ ਹੈ। ਜਦੋਂ ਉਸ ਦਾ ਦਿਲ ਸਾਧ ਬਣਨ ਤੇ ਆ ਗਿਆ, ਘਰੋਂ ਗੰਢੇ (ਪਿਆਜ਼) ਲੈ ਕੇ ਮਾਲਾ ਬਣਾ ਲਈ, ਕੌਣ ਮਾਲਾ ਲੈਣ ਜਾਏ।

ਜੱਟ ਭੇਲੀ ਦੇਸੀ, ਗੰਨਾ ਨਾ ਦੇਸੀ : ਦੇਖੋ ‘ਜੱਟ ਗੰਨਾ ਨਹੀਂ ਦੇਂਦਾ, ਗੁੜ ਦੀ ਭੇਲੀ ਦੇਂਦਾ ਹੈ’।

ਜੱਟ ਮਹਿਆਂ ਸੰਸਾਰ ਕਬੀਲਾ ਗਾਲਣਾ (ਗਾਲਦੇ) ਜਾਂ ਕੁੱਕੜ, ਕਾਂ, ਕਿਰਾੜ ਕਬੀਲਾ ਪਾਲਣਾ (ਪਾਲਦੇ): ਜਦੋਂ ਕੋਈ ਬੰਦਾ ਆਪਣੇ ਹੀ ਖ਼ਾਨਦਾਨ ਜਾਂ ਜਾਤੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰਕਤਾਂ ਕਰੇ, ਉਦੋਂ ਕਹਿੰਦੇ ਹਨ।

ਜੱਟ ਮੋਇਆ ਜਾਣੀਏ ਜਾਂ ਤੇਰ੍ਹਵਾਂ ਹੋਵੇ : ਭਾਵ ਇਹ ਹੈ ਕਿ ਜੱਟ ਇਤਨਾ ਸਖ਼ਤ-ਜਾਨ ਹੁੰਦਾ ਏ ਕਿ ਛੇਤੀ ਛੇਤੀ ਮਰ ਕੇ ਵੀ ਕਾਬੂ ਨਹੀਂ ਆਉਂਦਾ!

ਜੱਟ ਯਮ੍ਹਲਾ ਖ਼ੁਦਾ ਨੂੰ ਲੈ ਗਏ ਚੋਰ : ਦੇਖੋ ‘ਜੱਟ ਹੋਇਆ ਕਮਲਾ, ਖ਼ੁਦਾ ਨੂੰ ਲੈ ਗਏ ਚੋਰ’।

ਜੱਟ ਯਾਰ ਨਹੀਂ ਤੇ ਕਿੰਗ ਹਥਿਆਰ ਨਹੀਂ : ਕਹਿੰਦੇ ਨੇ ਜੱਟ ਕਿਸੇ ਵੇਲੇ ਵੀ ਬਿਨਾਂ ਕਾਰਣ ਵਿਗੜ ਸਕਦਾ ਹੈ, ਇਸ ਦੀ ਯਾਰੀ ਤੇ ਕੋਈ ਇਤਬਾਰ ਨਹੀਂ।

ਜੱਟ ਵਿਗਾੜੇ ਮੁਰਸ਼ਦ ਨਾਲ, ਜਾਂ ਬੋਲੇ ਤਾਂ ਕੱਢੇ ਗਾਲ : ਇਸ ਅਖਾਣ ਵਿਚ ਜੱਟ ਦੇ ਕਸੂਤਾ ਹੋਣ ਵਲ ਸੰਕੇਤ ਹੈ। ਜਦੋਂ ਜੱਟ ਪੁੱਠਾ ਹੋ ਜਾਏ ਤਾਂ ਕਿਸੇ ਪੀਰ ਮੁਰਸ਼ਦ ਦੀ ਵੀ ਪਰਵਾਹ ਨਹੀਂ ਕਰਦਾ ਤੇ ਗਾਲ੍ਹ ਤੋਂ ਬਿਨਾਂ ਕਿਸੇ ਨਾਲ ਬੋਲਦਾ ਨਹੀਂ।

ਜੱਟ ਤੇਰੇ ਨਾਲ ਬੁਰੀ ਹੋਈ, ਬਾਹਰ ਤਾਂ ਤੇਰੇ ਛੋਲੇ ਭਿਜ ਗਏ, ਘਰ ਆਇਉਂ ਤਾਂ ਕੁੜੀ ਹੋਈ : ਜੱਟ ਦੇ ਘਰ ਪੁੱਤਰ ਜੰਮਣ ਦੀ ਬੜੀ ਖ਼ੁਸ਼ੀ ਹੁੰਦੀ ਹੈ ਕਿਉਂ ਜੋ ਪੁੱਤਰ ਬਾਂਹ ਬਣ ਕੇ ਭਾਰ ਵੰਡਾਉਂਦੇ ਹਨ। ਜਦੋਂ ਬਾਹਰ ਤਾਂ ਉਸ ਦੇ ਛੋਲੇ ਭਿੱਜ ਜਾਣ ਨਾਲ ਨੁਕਸਾਨ ਹੋ ਜਾਏ ਤੇ ਘਰ ਆਉਣ ਤੇ ਕੁੜੀ ਜੰਮਣ ਦੀ ਖ਼ਬਰ ਮਿਲੇ ਤਾਂ ਜੱਟ ਨਾਲ ਆਪ ਬੁਰੀ ਹੋਣੀ ਹੋਈ।

ਜੱਟੀ ਚਾਰੇ ਥੋਕ ਸਵਾਰਦੀ, ਇੱਕੋ ਵੇਲੇ ਉੱਨ ਤੁੰਬਦੀ, ਬਾਲ ਖਿਡਾਉਂਦੀ, ਚਿੜੀਆਂ ਮੋੜਦੀ ਤੇ ਲੇਲੇ ਚਾਰਦੀ : ਇਸ ਅਖਾਣ ਵਿਚ ਜੱਟੀ ਦੇ ਸੁਚੱਜੇ ਤੇ ਕਾਮੇ ਸੁਭਾਅ ਦੀ ਸ਼ਲਾਘਾ ਕੀਤੀ ਗਈ ਹੈ। ਅਰਥ ਪ੍ਰਤੱਖ ਹਨ।

ਜੱਟੀ ਪਾ ਮਹੇੜੂ (ਖੱਟੀ ਲੱਸੀ ਸਮੇਤ ਘਿਉ) ਆਂਦਾ ਠਾਕਰ ਚਾੜ੍ਹੀ ਵੱਟੀ (ਨਕਲੀ ਤੋਲ) ਜੱਟੀ ਜਾਤਾ ਠਾਕੁਰ ਮੁੱਠਾ ਠਾਕਰ ਜਾਤਾ ਜੱਟੀ, ਨਾ ਮੁੱਠਾ ਠਾਕਰ ਨਾ ਮੁੱਠੀ ਜੱਟੀ, ਸੌਦਾ ਵੱਟੋ ਵੱਟੀ : ਜਦੋਂ ਟਾਕਰੇ ਤੇ ਦੋਵੇਂ ਧਿਰਾਂ ਇਕ ਤੋਂ ਇਕ ਵਧ ਚਲਾਕ ਤੇ ਹੁਸ਼ਿਆਰ ਹੋਣ ਉਦੋਂ ਕਹਿੰਦੇ ਹਨ।

ਜੱਟੇ (ਜੱਟ) ਨੂੰ ਕਿਸੇ ਭਲ ਭੁਲਾਇਆ, ਟੱਬਰ ਲੈ ਕੇ ਬੂਹੇ ਆਇਆ : ਜਦੋਂ ਕੋਈ ਮੂੰਹ ਰੱਖਣੀ ਦੀ ਓਪਰੀ ਜਿਹੀ ਹਮਦਰਦੀ ਨੂੰ ਸੱਚੀ ਸਮਝ ਕੇ ਕੁਝ ਲੈਣ ਵਾਸਤੇ ਆ ਜਾਏ ਉਦੋਂ ਕਹਿੰਦੇ ਹਨ।

ਜਾਂ ਜੱਟ ਦੀ ਪੱਕੀ ਬਿਆਈ , ਕਿਸੇ ਨੂੰ ਫੁੱਫੀ  ਕਿਸੇ ਨੂੰ ਤਾਈ, ਜਾਂ ਜੱਟ ਦੇ ਡੱਡੇ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ : ਜੱਟ ਦੇ ਜੀਵਨ ਦਾ ਪੱਖ ਇਸ ਅਖਾਣ ਵਿਚ ਦਰਸਾਇਆ ਗਿਆ ਹੈ। ਭਾਵ ਹੈ ਆਪਣੇ ਮਤਲਬ ਲਈ ਹਰ ਕੋਈ ਮਿੱਠਾ ਬਣ ਜਾਂਦਾ ਹੈ।

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com