ਹਰਦੀਪ ਸਿੰਘ ਮਾਨ ਕਲਾਕਾਰੀ

ਕਿਸ਼ਤ ੨ - ਪੰਜਾਬੀ ਪੱਤਰਕਾਰੀ ਝੂਠ ਤੇ ਅਸਿੱਧੀਆਂ ਗਾਲ੍ਹਾਂ ਦਾ ਘਰ (?)

ਰਿਸ਼ੀ ਗੁਲਾਟੀ ਦੇ ਲੇਖ ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ਦਾ ਘਰ (?) ਦਾ ਜਵਾਬ

ਜਵਾਬੀ: ਹਰਦੀਪ ਮਾਨ ਜਮਸ਼ੇਰ, ਅਸਟਰੀਆ

ਹਰਦੀਪ ਸਿੰਘ ਮਾਨ ਕਲਾਕਾਰੀ  

ਕਿਉਂ ਐਂਵੀ ਝੂਠਾਂ ਦੇ ਪੁਲੰਦੇ ਬੰਨੀ ਜਾਂਦੇ ਹੋ? ਇਸ ਸਭ ਕਾਸੇ ਤੋਂ ਮਹਿਸੂਸ ਹੋ ਰਿਹਾ ਹੈ ਕਿ ਗੱਲਾਂ ਤਾਂ ਦੋ ਹੀ ਹੋ ਸਕਦੀਆਂ ਨੇ, ਜਾਂ ਤਾਂ ਇਨ੍ਹਾਂ ਕੁੜੀਆਂ ਨੇ ਮੁਫ਼ਤ ਦੀ ਹਮਦਰਦੀ ਬਟੋਰਨ ਲਈ ਤੁਹਾਡੇ ਨਾਲ਼ ਘਟੀਆ ਚਾਲ ਚੱਲੀ ਹੈ ਤੇ ਜਾਂ ਤੁਸੀਂ ਮੁਫ਼ਤ ਦੀ ਵਾਹ-ਵਾਹੀ ਬਟੋਰਨ ਚ ਆਸਟ੍ਰੇਲੀਆ ਵਸਦੇ ਆਪਣੇ ਹੀ ਧੀਆਂ ਪੁੱਤਰਾਂ ਦੀ ਇੱਜ਼ਤ ਰੋਲਣ ਚ ਕੋਈ ਕਸਰ ਬਾਕੀ ਨਹੀਂ ਛੱਡੀ। ...
ਕਿਵੇਂ ਵਿਰੋਧ ਕਰਾਂ ਤੁਹਾਡੇ ਇਸ ਲੇਖ ਦਾ? ਤੁਹਾਡੇ ਲਿਖੇ ਇੱਕ-ਇੱਕ ਸ਼ਬਦ ਸਾਹਮਣੇ ਮੇਰੀ ਕਲਮ ਦੀ ਸਿਆਹੀ ਸੁੱਕ ਰਹੀ ਹੈ। ਜਾਪ ਰਿਹਾ ਹੈ ਕਿ
ਇਸ ਚਿੱਕੜ ਦੇ ਫੈਲਣ ਦਾ ਵਿਰੋਧ ਕਰਕੇ ਮੈਂ ਵੀ ਇਸ ਵਿੱਚ ਲਿੱਬੜ ਜਾਵਾਂਗਾ, ਪਰ ਵਿਰੋਧਤਾ ਮੇਰੀ ਮਜ਼ਬੂਰੀ ਹੈ, ਚਾਹੇ ਲਿੱਬੜਾਂ ਜਾਂ ਪਾਕ-ਸਾਫ਼ ਰਹਾਂ। ਇਸ ਗੱਲ ਦਾ ਫੈਸਲਾ ਪਾਠਕ ਕਰਨਗੇ। - ਰਿਸ਼ੀ ਗੁਲਾਟੀ (ਲੇਖ: ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ...)


ਜਿਵੇਂ ਕਿ ਮੈਂ ਪਹਿਲੇ ਲੇਖ ਵਿਚ ਲਿਖ ਚੁੱਕਾ ਹਾਂ ਕਿ ਦੇਸੀ ਵਿਦਿਆਰਥਣਾਂ ਦੇ ਜਿਸਮਾਨੀ ਸ਼ੋਸ਼ਣ ਦਾ ਮਸਲਾ ਸਿਰਫ਼ ਆਸਟਰੇਲੀਆ ਵਿਚ ਹੀ ਨਹੀਂ ਹੈ, ਇੰਗਲੈਂਡ ਅਤੇ ਹੋਰ ਮੁਲਕਾਂ ਦਾ ਵੀ ਹੈ। ਜਿਸ ਬਾਰੇ ਮਾਂ ਰੂਪੀ ਐਨਕ ਨਾਲ ਦੇਖਦਿਆ ਡਾ. ਹਰਸ਼ਿੰਦਰ ਕੌਰ ਅਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਨੇ ਚਾਨਣਾਂ ਪਾ ਕੇ ਇੱਕ ਸੁਚੇਤ ਅਤੇ ਨਿਡਰ ਲੇਖਕ ਹੋਣ ਦਾ ਸਬੂਤ ਦਿੱਤਾ ਹੈ। ਉੱਥੇ ਹੀ ਕੁਝ ਪੀਲੀ ਪੱਤਰਕਾਰੀ ਦੇ ਮੈਨੂੰ ਪੜ੍ਹੋ ਲੇਖਕਾਂ ਨੇ ਮਾਹੌਲ ਠੀਕ ਹੈ ਨਾਅਰੇ ਹੇਠ ਬਿਮਾਰੀ ਦਾ ਇਲਾਜ ਕਰਨ ਦੀ ਬਜਾਏ, ਵਧਣ-ਫੁੱਲਣ ਲਈ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਹੈ।

09.01.2010
ਹਰਦੀਪ ਸਿੰਘ ਮਾਨ

 

ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਹੈ ਇਸ ਕਰਕੇ ਮੈਨੂੰ ਕੁਝ ਲਿਖਣ ਦੀ ਲੋੜ ਨਹੀਂ ਕਿਉਂਕਿ ਲੇਖਕ ਨੇ ਡਾ. ਹਰਸ਼ਿੰਦਰ ਕੌਰ ਦੀਆਂ ਜਿਨ੍ਹਾਂ ਗੱਲਾਂ ਦਾ ਵਿਰੋਧ ਅਤੇ ਗ਼ਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਗੱਲਾਂ ਤਾਂ ਲੇਖਕ ਆਪ ਹੀ ਕੁਝ ਮਹੀਨੇ ਪਹਿਲਾਂ ਪੰਜਾਬੀਆਂ ਦਾ ਰਾਹ ਦਸੇਰਾ ਹੇਠ ਜਨਤਕ ਕਰ ਚੁੱਕਾ ਹੈ। ਹੁਣ ਝੂਠਾਂ ਦੇ ਪੁਲੰਦੇ ਕੋਣ ਬੰਨ੍ਹ ਰਿਹਾ ਹੈ? ਮੁਫ਼ਤ ਦੀ ਵਾਹ-ਵਾਹੀ ਕੋਣ ਬਟੋਰਨਾ ਚਾਹੁੰਦਾ ਹੈ? ਇਸ ਗੱਲ ਦਾ ਫੈਸਲਾ ਪਾਠਕ ਆਪ ਕਰਨ।

 

ਇੱਕ ਗੱਲ ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ, ਜਿਵੇਂ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਉਸੇ ਤਰ੍ਹਾਂ ਮੇਰੀ ਸਮਝ ਮੁਤਾਬਿਕ ਕੁਝ ਮਾਮੂਲੀ ਗਿਣਤੀ ਵਿਚ ਦੇਸੀ ਵਿਦਿਆਰਥਣਾਂ ਦੇਹ-ਵਪਾਰ ਦੇ ਧੰਦੇ ਵਿਚ ਸ਼ਾਮਲ ਹਨ। ਪਰ ਸਹੇਲਾ-ਸਹੇਲੀ ਹੇਠ ਜਿਸਮਾਨੀ ਸੰਬੰਧ ਬਣਾਉਣ ਵਾਲਿਆਂ ਦੀ ਗਿਣਤੀ ਕਿਤੇ ਵੱਧ ਹੋਵੇਗੀ, ਪਰ ਵਿਦੇਸ਼ਾਂ ਨਾਲੋਂ ਜ਼ਿਆਦਾ ਪੰਜਾਬ ਦੇ ਹਾਲਾਤ ਖ਼ਰਾਬ ਹਨ। ਜੇਕਰ ਸਮਾਂ ਇਜਾਜ਼ਤ ਦੇਵੇਗਾ ਤਾਂ ਇਸ ਬਾਰੇ ਅਗਲੇ ਲੇਖ ਵਿਚ ਖੁੱਲ੍ਹ ਕੇ ਵਿਚਾਰ ਸਾਂਝੇ ਹੋਣਗੇ।

 

ਮਸਲਾ ਦੇਸੀ ਮਾਲਕਾਂ ਵਲੋਂ ਬਣਦੇ ਪੈਸੇ ਦੇਣ ਦਾ (ਲੇਖ ਵਿਚਲਾ ਸੱਚ ਜਾਂ ਝੂਠ ਪੁਲੰਦਾ?)

ਤਿੰਨ ਦਿਨ ਰੈਸਟੋਰੈਂਟ ਵਿਚ ਅੱਧੀ ਰਾਤ ਤੱਕ ਭਾਂਡੇ ਮਾਂਜੇ ਹਨ ਜਿਸ ਬਦਲੇ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਕਿਉਂਕਿ ਮੇਰੇ ਕੋਲ ਕੋਈ ਟ੍ਰੇਨਿੰਗ ਨਹੀਂ ਸੀ। - ਲੇਖਕਾ: ਡਾ ਹਰਸ਼ਿੰਦਰ ਕੌਰ

ਕੋਈ ਨਾਂ, ਲੈ ਲਵਾਂਗੇਕਹਿ ਕੇ ਉਹ ਆਪਣੇ ਰਸਤੇ ਜਾਣ ਲਈ ਗੱਡੀ ਵੱਲ ਤੁਰ ਪਿਆ। ਹੁਣ ਕਰੀਬ 4 ਹਫ਼ਤੇ ਬੀਤ ਜਾਣ ਤੋਂ ਬਾਅਦ ਉਹ ਪੈਸੇ ਨਹੀਂ ਮਿਲੇ ਤੇ ਨਾ ਹੀ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ। - ਰਿਸ਼ੀ ਗੁਲਾਟੀ (ਦੋ ਲੇਖਾਂ ਵਿਚ: ਆਸਟ੍ਰੇਲੀਆ ਆ ਰਹੇ ਹੋ..., ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!)

ਮੈਂ ਆਪਣੇ 5 ਦਿਨਾਂ ਦੇ ਕੰਮ ਦੌਰਾਨ ਹੀ ਭਾਂਪ ਲਿਆ ਸੀ ਕਿ ਚਾਹੇ ਕੋਈ ਗੈਰਕਨੂੰਨੀ ਹੈ ਜਾਂ ਵਿਜ਼ਟਰ ਹੈ ਜਾਂਵਰਕਿੰਗ ਵੀਜ਼ੇ ਵਾਲਾ ਹੈ, ਸਭ ਨੂੰ 'ਟਰਾਇਲ' ਦੇ ਨਾਂਅ 'ਤੇ ਦੋ ਤਿੰਨ ਦਿਨ (ਲਗਭਗ 24 ਤੋਂ 36 ਘੰਟੇ) ਕੰਮ ਕਰਵਾ ਕੇ ਜਵਾਬ ਦੇ ਦਿੱਤਾ ਜਾਂਦਾ ਸੀ। ਪੰਜਾਂ ਦਿਨਾਂ 'ਚ ਕਈ ਆਏ-ਗਏ, ਸ਼ਾਇਦ ਸਭ ਨੂੰਹੀ ਠੂਠਾ ਦਿਖਾ ਦਿੱਤਾ ਗਿਆ ਹੋਵੇਗਾ। - ਮਨਦੀਪ ਖੁਰਮੀ ਹਿੰਮਤਪੁਰਾ (ਲੇਖ: ਸਾਊਹਾਲ - ਜਿੱਥੇ ਆਪਣਿਆਂ ਨੂੰ ...)

 

ਮਸਲਾ ਗੁਰਦੁਆਰੇ ਵਿਚ ਸ਼ਰਨ ਲੈਣ ਦਾ (ਲੇਖ ਵਿਚਲਾ ਸੱਚ ਜਾਂ ਝੂਠ ਪੁਲੰਦਾ?)

ਮੈਂ ਭਾਂਡੇ ਧੋਣ ਲਗਿਆਂ, ਪਲੇਟਾਂ ਵਿਚ ਜੋ ਕੁੱਝ ਬਚਿਆ-ਖੁਚਿਆ ਹੁੰਦਾ, ਉਹੀਂ ਉਂਗਲਾਂ ਨਾਲ ਚੱਟ ਕੇ ਖਾਧਾ। ਹੁਣ ਤਿੰਨ ਦਿਨ ਤੋਂ ਮੇਰੇ ਕੋਲ ਕੋਈ ਕੰਮ ਨਹੀਂ ਤੇ ਨਾ ਹੀ ਮੈਂ ਕੁੱਝ ਖਾ ਸਕੀ ਹਾਂ। - ਲੇਖਕਾ: ਡਾ ਹਰਸ਼ਿੰਦਰ ਕੌਰ

 

ਉਸਨੇ ਕਿਹਾ ਕਿ ਤਿੰਨ ਦਿਨ ਤੋਂ ਭੁੱਖੀ ਹਾਂ। ਜੇਕਰ ਇਹ ਕੁੜੀ ਡਾਕਟਰ ਸਾਹਿਬਾ ਦਾ ਕਾਲਪਨਿਕ ਪਾਤਰ ਨਹੀਂ ਹੈ ਤਾਂ ਸ਼ੱਕ ਹੁੰਦਾ ਹੈ ਕਿ ਕੀ ਵਾਕਈ ਹੀ ਇਹ ਕੁੜੀ ਪੰਜਾਬਣ ਹੈ? ਜੇਕਰ ਹੁੰਦੀ ਤਾਂ ਘੱਟੋ-ਘੱਟ ਉਸਨੂੰ ਸਾਡੇ ਗੁਰੂਘਰਾਂ ਦੀ ਮਰਿਆਦਾ ਦਾ ਪਤਾ ਹੁੰਦਾ। ਗੁਰੂਘਰ ਚ ਲੰਗਰ ਚਲਦੇ ਨੇ, ਕੀ ਉਹ ਕੁੜੀ ਕਿਸੇ ਗੁਰੂਘਰ ਚ ਗਈ? ਕਿਸੇ ਪ੍ਰਬੰਧਕ ਕੋਲ ਆਪਣਾ ਦੁੱਖੜਾ ਜ਼ਾਹਿਰ ਕੀਤਾ? ਜੇਕਰ ਨਹੀਂ ਤਾਂ ਡਾਕਟਰ ਸਾਹਿਬਾ ਚ ਉਹਨੂੰ ਕਿਹੜੀ ਦੇਵੀ ਮਾਤਾਨਜ਼ਰ ਆ ਗਈ ਸੀ, ਜਿਸਨੇ ਚੁਟਕੀ ਮਾਰ ਕੇ ਉਸਦੇ ਦੁੱਖਾਂ ਦਾ ਅੰਤ ਕਰ ਦੇਣਾ ਸੀ? - ਰਿਸ਼ੀ ਗੁਲਾਟੀ (ਲੇਖ: ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ...)


ਨਿਤਿਨ ਵਾਲੀਆ ਇਕ ਵਿਦਿਆਰਥੀ ਨੂੰ: ਕੀ ਗੁਰਦਆਰੇ ਵਿਚ ਸ਼ਰਨ ਮੰਗੀ ਹੈ? ਉਸ ਨੇ ਕਿਹਾ, ਪਰ ਮੈਨੂੰ ਇਸ ਨਾਲ ਸ਼ਰਮ ਆਵੇਗੀ। - ਲੰਡਨ, 30 ਨਵੰਬਰ, ਰੋਜ਼ਾਨਾ ਸਪੋਕਸਮੈਨ

 

ਮਸਲਾ ਪੱਤ ਲੁੱਟਣ ਦਾ  

ਪਹਿਲੇ ਦਿਨ, ਇਥੇ ਹਵਾਈ ਅੱਡੇ ਤੇ ਉੱਤਰਦੇ ਸਾਰ, ਇੱਕ ਭਾਰਤੀ ਹੋਟਲ ਮਾਲਕ ਵਲੋਂ ਪੱਤ ਲੁੱਟੀ ਗਈ ਸੀ। - ਲੇਖਕਾ: ਡਾ ਹਰਸ਼ਿੰਦਰ ਕੌਰ

ਪਰ ਲੇਖ ਮੁਤਾਬਿਕ “ਜਹਾਜ਼ ਤੋਂ ਉੱਤਰ ਦੇ ਸਾਰ ਪੱਤ ਲੁੱਟਣ” ਵਾਲੀ ਗੱਲ ਫਿਲਮ ਦਾ ਸੀਨ ਹੀ ਜਾਪਦਾ ਹੈ ਕਿ ਹੀਰੋਇਨ ਏਅਰ ਪੋਰਟ ਤੋਂ ਬਾਹਰ ਆਉਂਦੀ ਹੈ, ਉੱਚੀ ਅੱਡੀ ਵਾਲੇ ਸੈਂਡਲਾਂ ਦੀ ਠੱਕ-ਠੱਕ ਦੀਆ ਵਾਜ਼ ਗੂੰਜਦੀ ਹੈ ਤੇ ਹੀਰੋਇਨ ਬਾਹਰ ਆ ਕੇ ਪੁਕਾਰਦੀ ਹੈ...“ਟੈਕਸੀ...”- ਰਿਸ਼ੀ ਗੁਲਾਟੀ (ਲੇਖ: ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ... 

ਚੱਲੋ ਜੀ ਕਿਵੇਂ ਨਾ ਕਿਵੇਂ ਰਾਤ ਵੇਲੇ 2 ਘੰਟੇ ਦੀ ਭੱਜ-ਦੌੜ ਤੋਂ ਬਾਦ ਬੀਬੀ ਲਈ ਕਮਰੇ ਦਾ ਪ੍ਰਬੰਧ ਕਰਕੇ ਘਰ ਮੁੜੇ। ਜੇ ਉਸ ਰਾਤ ਅਸੀਂ ਉਸ ਕੁੜੀ ਨਾਲ ਨਾ ਹੁੰਦੇ ਤਾਂ ਖੋਰੇ ਉਸ ਵਿਚਾਰੀ ਕੰਨਿਆਦਾ ਕੀ ਹੋਣਾ ਸੀ। ਇਹ ਤਾਂ ਉਹ ਬੀਬੀ ਸੀ ਜਿਸਦੀ ਇੱਜ਼ਤ ਦੇ ਸਹੀ ਸਲਾਮਤ ਹੋਣ ਬਾਰੇ ਅਸੀਂ ਖੁਦ ਵੀ ਉਸ ਕੁੜੀ ਦੇ ਮਾਪਿਆਂ ਨੂੰ ਫੋਨ ਕਰ ਦਿੱਤਾ ਸੀ। - ਮਨਦੀਪ ਖੁਰਮੀ ਹਿੰਮਤਪੁਰਾ (ਲੇਖ: ਓਏ ਪੰਜਾਬੀਓ! ਕੀ ਧੀਆਂ ਦੀ ਇੱਜ਼ਤ ...)

 

ਮੈਨੂੰ ਮੇਰੇ ਮਾਪਿਆਂ ਨੇ ਵਿਆਹ ਦੇ ਨਕਲੀ ਸਰਟੀਫ਼ਿਕੇਟ ਉੱਤੇ, ਬਾਹਰ ਕਿਸੇ ਓਪਰੇ ਬੰਦੇ ਨਾਲ ਭੇਜ ਦਿੱਤਾ। ਉਸ ਆਦਮੀ ਨੇ ਮੇਰੇ ਜਿਸਮ ਦਾ ਜੋ ਹਾਲ ਕੀਤਾ, ਉਹ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ। - ਲੇਖਕਾ: ਡਾ ਹਰਸ਼ਿੰਦਰ ਕੌਰ

 

ਪਰ ਇੱਕ ਉਸ ਪਿਓ ਦਾ ਜੇਰਾ ਵੀ ਦੇਖ ਲਓ ਜਿਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਕੁੜੀ ਨੂੰ ਅਣਜਾਣ ਮੁਲਕ ਵੱਲ ਤੋਰਨ ਲੱਗੇ ਨੇ ਆਪਣੀ ਕੁੜੀ ਦੀ ਬਾਂਹ ਇੱਕ ਹੋਰ ਅਣਜਾਣ ਸਟੂਡੈਂਟ ਵੀਜ਼ੇ  ਤੇ ਹੀ ਜਾ ਰਹੇ ਮੁੰਡੇ ਨੂੰ ਫੜਾ ਦਿੱਤੀ ਕਿ ਪੁੱਤ ਇਹਨੂੰ ਵੀ ਉੱਥੇ ਕੋਈ ਨਹੀਂ ਜਾਣਦਾ, ਜਿੱਥੇ ਤੂੰ ਰਿਹਾ... ਇਹਨੂੰ ਵੀ ਨਾਲ ਹੀ ਰੱਖਲੀਂ। ...

ਅੰਤ ਇੱਕ ਹੋਟਲ ਚ ਇੱਕ ਕਮਰਾ ਹੀ ਮਿਲਿਆ ਤੇ ਇੱਕ ਸਿਆਣੇ ਪਿਉ ਦੀ ਸਟੂਡੈਂਟ ਧੀ ਸਾਰੀ ਰਾਤ ਇੱਕ ਅਣਜਾਣ ਮੁੰਡੇ ਨਾਲ ਇੱਕੋ ਕਮਰੇ ਚ ਹੀ ਰਹੀ। ਇਹ ਸੀ ਉਸ ਸਿਆਣੇ ਪਿਉ ਦੀ ਆਪਣੀ ਧੀ ਹੱਥੋਂ ਕਰਵਾਈ ਗਈ ਵਿਦੇਸ਼ਾਂ ਦੀ ਪਹਿਲੀਕਮਾਈ - ਮਨਦੀਪ ਖੁਰਮੀ ਹਿੰਮਤਪੁਰਾ (ਲੇਖ: ਓਏ ਪੰਜਾਬੀਓ! ਕੀ ਧੀਆਂ ਦੀ ਇੱਜ਼ਤ ...)

 

ਮਸਲਾ ਦੇਸੀ ਵਿਦਿਆਰਥਣਾਂ ਦੇ ਦੇਹ-ਰੇਟ ਦਾ ਨਾ ਕਿ ਦੁਆਬੇ ਦੀ ਜ਼ਮੀਨ ਦੇ ਰੇਟ ਦਾ

ਹੁਣ ਤਿੰਨ ਦਿਨ ਤੋਂ ਮੇਰੇ ਕੋਲ ਕੋਈ ਕੰਮ ਨਹੀਂ ਤੇ ਨਾ ਹੀ ਮੈਂ ਕੁੱਝ ਖਾ ਸਕੀ ਹਾਂ। ਇਕ ਗੋਰੇ ਮੁੰਡੇ ਨੇ ਕਲ ਰਾਤ ਮੈਨੂੰ ਦਸ ਡਾਲਰ ਦੇਣ ਦਾ ਵਾਅਦਾ ਕੀਤਾ ਸੀ। ਪਰ ਉਸ ਨੇ ਸਾਰੀ ਰਾਤ ਐਸ਼ ਕਰ ਕੇ, ਮੈਨੂੰ ਬਿਨਾਂ ਪੈਸੇ ਦਿੱਤਿਆਂ, ਸਵੇਰੇ ਗਾਲ੍ਹਾਂ ਕੱਢ ਕੇ ਯੂ ਰਾਸਕਲ ਇੰਡੀਅਨਜ਼ ਕਿਹਾ ਤੇ ਘਰੋਂ ਬਾਹਰ ਕੱਢ ਦਿੱਤਾ। ...

ਤੁਸੀਂ ਛੇ ਮਹੀਨੇ ਸਹਾਰਾ ਦਿੱਤਾ ਪਰ ਹੁਣ ਢਿੱਡ ਭਰਨ ਲਈ ਸਿਵਾਏ ਜਿਸਮ ਵੇਚਣ ਦੇ ਕੋਈ ਚਾਰਾ ਹੀ ਨਹੀਂ ਰਿਹਾ। ...
ਉਹ ਕੁੜੀਆਂ, ਬਿਨਾਂ ਕੁੱਝ ਬੋਲਿਆਂ, ਕਾਰ ਵਿਚ ਅੱਗੇ ਲੰਘ ਗਈਆਂ ਤਾਂ ਮੈਨੂੰ ਦੱਸਿਆ ਗਿਆ ਕਿ ਗੋਰੇ ਮੁੰਡਿਆਂ ਨਾਲ ਰਾਤਾਂ ਬਿਤਾ ਕੇ ਇਹ ਆਪਣੀ ਰੋਜ਼ੀ-ਰੋਟੀ ਚਲਾ ਰਹੀਆਂ ਹਨ। ਹੋਰ ਕੋਈ ਕੰਮ ਤਾਂ ਇਨ੍ਹਾਂ ਨੂੰ ਮਿਲਿਆ ਨਹੀਂ। ...

ਆਸਟਰੇਲੀਆ ਵਿਚ ਮਸਾਜ ਪਾਰਲਰਾਂ ਵਿਚ ਵੇਸਵਾਪੁਣਾ ਕਰ ਰਹੀਆਂ ਜਵਾਨ ਪੰਜਾਬਣਾਂ ਦਾ ਢੇਰ, ਜਿੱਥੇ ਅਧੇੜ ਪੰਜਾਬੀ ਰੰਗ-ਰਲੀਆਂ ਮਨਾਉਣ ਪਹੁੰਚਦੇ ਹਨ। - ਲੇਖਕਾ: ਡਾ ਹਰਸ਼ਿੰਦਰ ਕੌਰ

 

ਇੱਕ ਡਾਕਟਰ ਹਰਸ਼ਿੰਦਰ ਕੌਰ ਹੀ ਆਈ, ਜਿਸਨੂੰ ਆਸਟ੍ਰੇਲੀਆ ਵਾਸੀਆਂ ਨੇ ਐਵੇਂ ਹੀ ਸਿਰ ਬੈਠਾ ਲਿਆ ਪਰ ਉਹ ਉਨ੍ਹਾਂ ਸਿਰਾਂ ਚ ਹੀ ਜੁੱਤੀਆਂ ਮਾਰ ਰਹੀ ਹੈ। ਉਸਨੇ ਆਪਣੇ ਪੰਦਰਾਂ ਦਿਨਾਂ ਦੇ ਦੌਰੇ ਦੌਰਾਨ ਪੰਜਾਬੀ ਚੋਰ ਦੇਖੇ, ਪੰਜਾਬਣ ਵੇਸਵਾਵਾਂ ਦੇਖੀਆਂ, ਆਸਟ੍ਰੇਲੀਆ ਦੀਆਂ ਬਦਨਾਮ ਗਲੀਆਂ ਦੇਖੀਆਂ, ਅਧੇੜ ਪੰਜਾਬੀਆਂ ਦੁਆਰਾ ਮਨਾਈਆਂ ਜਾਂਦੀਆਂ ਰੰਗ-ਰਲੀਆਂ ਦੇਖੀਆਂ, ਗੁਰੂਘਰਚ ਮੁੰਡਿਆਂ-ਕੁੜੀਆਂ ਦੁਆਰਾ ਹੁੰਦੀਆਂ ਅਸ਼ਲੀਲ ਹਰਕਤਾਂ ਤੱਕੀਆਂ, ਪਾਠੀ ਸਿੰਘ ਗੋਰੀਆਂ ਨੂੰ ਛੇੜਦੇ ਤੱਕੇ। - ਰਿਸ਼ੀ ਗੁਲਾਟੀ (ਲੇਖ: ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ...)

 

ਖਾਸ ਕਰਕੇ ਪੰਜਾਬੀ ਕੁੜੀਆਂ ਇੰਗਲੈਂਡ ਦੇ ਮਸਾਜ਼ ਪਾਰਲਰਾਂਵਿੱਚ ਮਾਲਸ਼ ਰਾਹੀਂ ਗਾਹਕਾਂ ਨੂੰ ਖੁਸ਼ ਕਰਨ ਦੇ ਆਹਰ ਵੀ ਰੁੱਝੀਆਂ ਹੋਈਆਂ ਹਨ। ਇਹ ਧੰਦਾ ਸਾਊਥਾਲ ਵਿੱਚ ਵੀ ਬੜੀ ਚੰਗੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ ਜਿੱਥੇ ਬਹੁ ਗਿਣਤੀ ਵੀ ਪੰਜਾਬੀ ਭਾਈਆਂ ਦੀ ਹੈ। ਅਜਿਹੇ ਮਸਾਜ ਪਾਰਲਰਾਂਦੇ ਦਿਨ ਢਲੇ ਦੇ ਬਹੁਤੇ ਗਾਹਕ ਵੀ ਆਪਣੇ ਹੀ ਪੰਜਾਬੀ ਭਾਈ ਹੁੰਦੇ ਹਨ ਤੇ ਜਿਬ੍ਹਾ ਹੋਣ ਵਾਲੀਆਂ ਬੀਬੀਆਂ ਵਿੱਚ ਵੀ ਜ਼ਿਆਦਾਤਰ ਆਪਣੀਆਂ ਪੰਜਾਬਣ ਕੁੜੀਆਂ ਹੀ ਹੁੰਦੀਆਂ ਹਨ। - ਮਨਦੀਪ ਖੁਰਮੀ ਹਿੰਮਤਪੁਰਾ (ਲੇਖ: ਓਏ ਪੰਜਾਬੀਓ! ਕੀ ਧੀਆਂ ਦੀ ਇੱਜ਼ਤ ...)

 

ਆਸਟ੍ਰੇਲੀਆ 'ਚ ਵਿਦਿਆਰਥੀਆਂ ਨੂੰ ਧੱਕਿਆ ਜਾ ਰਿਹਾ ਹੈ ਦੇਹ-ਵਪਾਰ ਦੇ ਧੰਦੇ 'ਚ

ਮੈਲਬੌਰਨ, 21 ਜਨਵਰੀ (ਏਜੰਸੀ) - ਆਸਟ੍ਰੇਲੀਆ 'ਚ ਵਿਦਿਆਰਥੀਆਂ ਨੂੰ ਦੇਹ ਵਪਾਰ ਦੇ ਧੰਦੇ 'ਚ ਜਬਰੀ ਧਕੇਲਣ ਦਾ ਸਨਸਨੀਖੇਜ਼ ਪ੍ਰਗਟਾਵਾ ਇਕ ਸਰਕਾਰੀ ਰਿਪੋਰਟ 'ਚ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਟੋਨੀ ਰੋਬਿਨਸਨ ਨੇ ਉਕਤ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਵਿਦਿਆਰਥੀਆਂ ਦਾ ਦੇਹ ਵਪਾਰ ਦੇ ਧੰਦੇ 'ਚ ਜਾਣਾ ਸਮੁੱਚੇ ਆਸਟ੍ਰੇਲੀਆ ਦੀ ਇਕ ਵੱਡੀ ਸਮੱਸਿਆ ਹੈ। ਰੋਬਿਨਸਨ ਨੇ ਇਸ ਸਬੰਧ 'ਚ ਰਾਜ ਦੀ ਸੰਸਦੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਔਰਤਾਂ ਨੂੰ ਦੇਹ-ਵਪਾਰ ਦੇ ਧੰਦੇ 'ਚ ਪਾਉਣ ਵਾਲੇ ਵੱਖ-ਵੱਖ ਸਮੂਹਾਂ ਦੀ ਭੂਮਿਕਾ ਬਾਰੇ ਵਧੇਰੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਖਪਤਕਾਰ ਮੰਤਰੀ ਦੇ ਆਦੇਸ਼ਾਂ 'ਤੇ ਇਸ ਸਬੰਧੀ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿਕਟੋਰੀਆ ਪ੍ਰਾਂਤ ਵਿਚ ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਵੀ ਦੇਹ-ਵਪਾਰ ਦੇ ਅੱਡਿਆਂ ਲਈ ਭਰਤੀ ਕੀਤਾ ਜਾਂਦਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵਿਕਟੋਰੀਆ ਦੇ 25 ਫੀਸਦੀ ਦੇਹ-ਵਪਾਰ ਦੇ ਅੱਡਿਆਂ 'ਚ ਯੂਨੀਵਰਸਿਟੀ ਵਿਦਿਆਰਥੀ ਵੀ ਸ਼ਾਮਿਲ ਹੁੰਦੇ ਹਨ। 1985 ਵਿਚ ਨਵੀਂ ਰਿਪੋਰਟ 'ਚ ਦੇਹ-ਵਪਾਰ ਦੇ ਧੰਦੇ ਨੂੰ ਵਿਸ਼ਵ ਦਾ ਇਕ ਪੁਰਾਣਾ ਧੰਦਾ ਦਰਸਾਉਣ ਤੋਂ ਬਾਅਦ ਹੀ ਵਿਕਟੋਰੀਆ 'ਚ ਚੱਲ ਰਹੇ ਦੇਹ-ਵਪਾਰ ਦੇ ਅੱਡਿਆਂ ਨੂੰ ਮਾਨਤਾ ਦੇ ਦਿੱਤੀ ਗਈ ਸੀ। ਇਸ ਰਿਪੋਰਟ 'ਚ ਕੁਝ ਪੁਲਿਸ ਅਤੇ ਕੁਝ ਹੋਰ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਾਂਚ ਅਧਿਕਾਰੀਆਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਮੈਲਬੌਰਨ 'ਚ ਚੱਲ ਰਹੇ ਅੰਗਰੇਜ਼ੀ ਭਾਸ਼ਾ ਦੇ ਕਾਲਜ ਵਿਦਿਆਰਥੀਆਂ ਦੇ ਦੇਹ-ਵਪਾਰ ਦੇ ਅੱਡਿਆਂ 'ਚ ਜਾਣ ਲਈ ਮੁੱਖ ਸ੍ਰੋਤ ਬਣਦੇ ਹਨ। ਜਾਂਚ ਅਧਿਕਾਰੀਆਂ ਅਨੁਸਾਰ ਵੱਖ-ਵੱਖ ਦੇਹ-ਵਪਾਰ ਦੇ ਅੱਡਿਆਂ 'ਤੇ ਮਾਰੇ ਗਏ ਛਾਪਿਆਂ 'ਚ ਸਾਹਮਣੇ ਆਇਆ ਹੈ ਕਿ ਕਈ ਇਮੀਗ੍ਰੇਸ਼ਨ ਏਜੰਟ ਅਤੇ ਸਲਾਹਕਾਰ ਵੀ ਵਿਦਿਆਰਥੀਆਂ ਨੂੰ ਵਿਕਟੋਰੀਆ ਦੇ ਦੇਹ-ਵਪਾਰ ਦੇ ਅੱਡਿਆਂ 'ਚ ਦਾਖ਼ਲੇ ਲਈ ਉਕਸਾਉਂਦੇ ਹਨ। ਰਿਪੋਰਟ ਅਨੁਸਾਰ ਵਿਕਟੋਰੀਆ 'ਚ ਇਸ ਵਕਤ 95 ਦੇ ਕਰੀਬ ਦੇ ਦੇਹ-ਵਪਾਰ ਦੇ ਕਾਨੂੰਨੀ ਅੱਡੇ ਚੱਲ ਰਹੇ ਹਨ ਅਤੇ ਇਸ ਤੋਂ ਵੀ ਵੱਧ ਗ਼ੈਰ-ਕਨੂੰਨੀ ਚੱਲ ਰਹੇ ਹਨ। ਰਿਪੋਰਟ 'ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਵਿਕਟੋਰੀਆ ਦੀਆਂ ਵੇਸਵਾਵਾਂ ਹਫਤੇ ਦੀ ਤਿੰਨ ਹਜ਼ਾਰ ਡਾਲਰ ਦੇ ਕਰੀਬ ਕਮਾਈ ਕਰਦੀਆਂ ਹਨ ਅਤੇ ਅਜਿਹੇ ਦੇਹ-ਵਪਾਰ ਦੇ ਅੱਡੇ ਚਲਾਉਣ ਵਾਲੇ ਜ਼ਿਆਦਾਤਰ ਏਸ਼ੀਅਨ ਲੋਕ ਹਨ। - ਅਜੀਤ ਜਲੰਧਰ

 

ਮਸਲਾ ਪੰਜਾਬ ਵਾਸੀਆਂ ਤੇ ਅਸਰ ਦਾ (ਲੇਖ ਵਿਚਲਾ ਸੱਚ ਜਾਂ ਝੂਠ ਪੁਲੰਦਾ?)

ਆਹ ਵੇਖੋ, ਉਹ ਵੀ ਨਾਲ ਹੀ ਖੜੀ ਹੈ। ਹੁਣ ਸਾਡੇ ਦੋਹਾਂ ਵਲੋਂ ਸਾਰਾ ਹਾਲ ਦੱਸਣ ਦੇ ਬਾਵਜੂਦ ਸਾਡੀ ਤੀਜੀ ਸਹੇਲੀ ਨਾਲ ਵੀ ਪੰਜਾਬ ਵਿਚ ਇਹੀ ਹੋਣ ਲੱਗਾ ਹੈ ਤੇ ਉਹ ਵੀ ਬਾਹਰ ਆਉਣ ਦੀਆਂ ਤਿਆਰੀਆਂ ਕੱਸੀ ਬੈਠੀ ਹੈ। ਸਾਡੀ ਗੱਲ ਸੁਣਨ ਤੇ ਉਸ ਦੇ ਮਾਪੇ ਇਕੋ ਰਟ ਲਾਈ ਜਾਂਦੇ ਹਨ ਕਿ ਆਪ ਤਾਂ ਬਾਹਰ ਟੁਰ ਗਈਆਂ, ਹੁਣ ਸਾਡੀ ਕੁੜੀ ਨੂੰ ਬਾਹਰ ਜਾਣ ਤੋਂ ਰੋਕਦੀਆਂ ਹਨ। - ਲੇਖਕਾ: ਡਾ ਹਰਸ਼ਿੰਦਰ ਕੌਰ

ਹਰ ਵਾਰ ਇਹੀ ਜੁਆਬ ਮਿਲਿਆ ਕਿ ਵਤਨੀ ਬੈਠੇ ਨੂੰ ਜੇਕਰ ਸਹੀ ਦੱਸ ਵੀ ਦੇਈਏ, ਤਾਂ ਹਰ ਕੋਈ ਇਹੀ ਸਮਝਦਾ ਹੈ ਕਿ ਖੁਦ ਤਾਂ ਮੈਲਬੌਰਨ ਦੇ ਬੁੱਲ੍ਹੇ ਲੁੱਟ ਰਿਹਾ ਹੈ ਤੇ ਸਾਨੂੰ ਇੱਥੇ ਆਉਣ ਤੋਂ ਰੋਕਦਾ ਹੈ। ਇਸ ਲਈ ਜੇਕਰ ਕੋਈ ਪੁੱਛੇ, ਤਾਂ ਵੀ ਸਭ ਨਾਲ ਹਿਸਾਬ ਸਿਰ ਹੀ ਗੱਲ ਕਰੀਦੀ ਹੈ।- ਰਿਸ਼ੀ ਗੁਲਾਟੀ (ਲੇਖ: ਆਸਟ੍ਰੇਲੀਆ ਆ ਰਹੇ ਹੋ...)

 

''ਆਹ ਕੀ ਗੱਲ ਕਰ ਰਿਹਾ ਸੀ, ਬਈ ਪੜ੍ਹਾਈ ਮੈਲਬੌਰਨ ਤੇ ਕੰਮ ਐਡੀਲੈਡ?" ਉਸਨੂੰ ਪੁੱਛਿਆ। (ਰਿਸ਼ੀ ਗੁਲਾਟੀ)
''ਭਾ ਜੀ, ਟੈਂਸ਼ਨ ਕਿਉਂ ਲਈ ਜਾਂਦੇ ਹੋ? ਜਿਵੇਂ ਆਪਾਂ ਯਬਕਦੇ ਫਿਰਦੇ ਆਂ, ਉਹ ਵੀ ਤੁਰਿਆ ਫਿਰੂ।" (ਇੱਕ ਨੌਜਵਾਨ)
''ਫੇਰ ਵੀ ਸਹੀ ਦੱਸਣਾ ਆਪਣਾ ਫ਼ਰਜ਼ ਹੈ, ਬਾਕੀ ਅਗਲੇ ਦੀ ਮਰਜ਼ੀ।" (ਰਿਸ਼ੀ ਗੁਲਾਟੀ)
''ਉਹਨੇ ਕਿਹੜਾ ਆਪਣੇ ਕਹਿਣ ਤੇ ਰੁਕਣਾ ਹੈ। ਆਪਾਂ ਕਿਉਂ ਮਾੜਾ ਬਣਨਾ ਹੈ, ਰੋਕ ਕੇ। (ਇੱਕ ਨੌਜਵਾਨ)

- ਰਿਸ਼ੀ ਗੁਲਾਟੀ (ਲੇਖ: ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!)

ਮਸਲਾ ਪੰਜਾਬ ਵਾਪਸ ਜਾਣ ਦਾ (ਲੇਖ ਵਿਚਲਾ ਸੱਚ ਜਾਂ ਝੂਠ ਪੁਲੰਦਾ?)

ਕਮਾਲ ਦੀ ਗੱਲ ਤਾਂ ਇਹ ਹੈ ਕਿ ਮੈਨੂੰ ਇਕ ਵੀ ਬੱਚਾ ਏਨੀਆਂ ਮੁਸੀਬਤਾਂ ਝੱਲਦੇ ਹੋਏ ਵਾਪਸ ਜਾਣ ਨੂੰ ਤਿਆਰ ਨਹੀਂ ਮਿਲਿਆ। ...

ਪਰ ਕਮਾਲ ਦੀ ਧੁਨ ਸਿਰ ਉੱਤੇ ਚੜ੍ਹੀ ਹੋਈ ਹੈ ਕਿ ਪੰਜਾਬ ਦੀ ਧਰਤੀ ਉੱਤੇ ਵਾਪਸ ਪੈਰ ਨਹੀਂ ਧਰਨਾ ਭਾਵੇਂ ਆਸਟਰੇਲੀਆ ਦੀ ਜੇਲ੍ਹ ਵਿਚ ਜ਼ਿੰਦਗੀ ਕਿਉਂ ਨਾ ਕੱਟਣੀ ਪਵੇ। - ਲੇਖਕਾ: ਡਾ ਹਰਸ਼ਿੰਦਰ ਕੌਰ

ਆਸਟ੍ਰੇਲੀਆ ' ਵਿਦਿਆਰਥੀਆਂ ਦੇ ਹਾਲਾਤਾਂ ਤੋਂ ਕੋਈ ਵੀ ਅਣਜਾਣ ਨਹੀਂ ਹੈ। ਫਿਰ ਵੀ ਕਈ ਲੋਕਾਂ, ਖ਼ਾਸ ਤੌਰ ਤੇ ਵਿਦਿਆਰਥੀਆਂ ਨੇ ਕਿਹਾ ਕਿ ਇੱਥੋਂ ਦੀ ਜਿੰਦਗੀ ਬਾਰੇ ਖੁੱਲ੍ਹ ਕੇ ਲਿਖਾਂ ਤਾਂ ਜੋ ਆਉਣ ਵਾਲਿਆਂ ਨੂੰ ਪਤਾ ਹੋਵੇ ਕਿ ਉਹਨਾਂ ਨਾਲ਼ ਅੱਗੇ ਕੀ ਵਾਪਰਨ ਵਾਲਾ ਹੈ, ਪਰ ਇਹ ਸਭ ਕਹਿਣ ਦੀਆਂ ਗੱਲਾਂ ਨੇ। ਕਿਸੇ ਦੇ ਰੋਕਿਆਂ ਕੋਈ ਨਹੀਂ ਰੁਕਦਾ। ''ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈ" ਦੇ ਕਹਿਣ ਵਾਂਗੂੰ ਸਭ ਨਜ਼ਾਰਾ ਤੱਕ ਕੇ ਹੀ ਸਮਝਦੇ ਨੇ, ਪਰ ਇੱਕ ਵਾਰ ਕੇ ਕੋਈ ਵਾਪਸ ਨਹੀਂ ਜਾ ਸਕਦਾ। - ਰਿਸ਼ੀ ਗੁਲਾਟੀ (ਲੇਖ: ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!)

ਬੀ. ਬੀ. ਸੀ. ਰੇਡੀਉ-5 ਦੀ ਦਸਤਾਵੇਜ਼ੀ ਵਿਚ ਕਿਹਾ ਗਿਆ ਹੈ ਕਿ ਅਜਿਹੇ ਵਿਦਿਆਰਥੀਆਂ ਨੂੰ ਜਦੋਂ ਕੰਮ ਨਹੀਂ ਮਿਲਦਾ ਤਾਂ ਹਾਲਾਤ ਹੋਰ ਵੀ ਉਲਝ ਜਾਂਦੇ ਹਨ ਅਤੇ ਸ਼ਰਮ ਕਾਰਨ ਉਹ ਭਾਰਤ ਨਹੀਂ ਪਰਤਣਾ ਚਾਹੁੰਦੇ। - ਲੰਡਨ, 30 ਨਵੰਬਰ, ਰੋਜ਼ਾਨਾ ਸਪੋਕਸਮੈਨ

 

ਮਸਲਾ ਦੇਸੀ ਵਿਦਿਆਰਥਣਾਂ ਦੇ ਉਡਾਰੂ ਹੋ ਜਾਣ ਦਾ

ਬਾਹਰਲੇ ਦੇਸ਼ ਜਾਂਦੀਆਂ ਕਾਫ਼ੀ ਪੇਂਡੂ ਜਵਾਨ ਬੱਚੀਆਂ ਮਾਪਿਆਂ ਦੀ ਛਤਰ ਛਾਇਆ ਥਲੋਂ ਨਿਕਲਦੇ ਸਾਰ ਹਵਾਈ ਅੱਡੇ ਤੇ ਹੀ ਚੁੰਨੀਆਂ ਉਡਾ ਦਿੰਦੀਆਂ ਹਨ। - ਲੇਖਕਾ: ਡਾ ਹਰਸ਼ਿੰਦਰ ਕੌਰ (ਲੇਖ: ਆਖ਼ਰ ਕਿਉਂ ਕੁੱਝ ਲੋਕ ਸੱਚ ...)

ਗੁਰਦੁਆਰੇ ਦੀ ਹੱਦ ਅੰਦਰ, ਕੰਧ ਨਾਲ, ਇਕ ਅਧਨੰਗੀ ਜਵਾਨ ਪੰਜਾਬਣ ਬੱਚੀ, ਜੋ ਦੋ ਮੁੰਡਿਆਂ ਨਾਲ ਜੱਫੀ ਪਾ ਕੇ ਖੜੀ ਸੀ ਅਤੇ ਜਿਸ ਉੱਤੇ ਮੈਨੂੰ ਅਤਿ ਦੀ ਘਿਣ ਆਈ ਸੀ, ਦੀ ਵੀ ਮੈਨੂੰ ਸਮਝ ਆ ਗਈ। ਮਾਪਿਆਂ ਵਲੋਂ ਘਰੋਂ ਬਾਹਰ ਧੱਕੇ ਜਾਣ ਤੋਂ ਬਾਅਦ ਇਹੋ ਜਿਹੀ ਗਿਰਾਵਟ ਆਉਣੀ ਕੋਈ ਵੱਡੀ ਗੱਲ ਨਹੀਂ। - ਲੇਖਕਾ: ਡਾ ਹਰਸ਼ਿੰਦਰ ਕੌਰ

ਗੁਰਦੁਆਰਾ ਸਾਹਿਬ ਚ ਅਧਨੰਗੀ ਕੁੜੀ ਦੋ ਮੁੰਡਿਆਂ ਨਾਲ਼ ਜੱਫੀ ਪਾਈ ਖੜ੍ਹੀ ਡਾਕਟਰ ਸਾਹਿਬਾ ਨੂੰ ਤਾਂ ਨਜ਼ਰ ਆ ਗਈ ਪਰ ਪ੍ਰਬੰਧਕਾਂ ਨੂੰ ਪਤਾ ਨਹੀਂ ਦਿਸੀ ਜਾਂ ਨਹੀਂ। ਸ਼ਾਇਦ ਉਸਨੇ ਪਹਿਲੀ ਵਾਰੀ ਹੀ ਗੁਰਦੁਆਰਾ ਸਾਹਿਬ ਚ ਖੜ੍ਹ ਕੇ ਮੁੰਡਿਆਂ ਨੂੰ ਜੱਫੀ ਪਾਈ ਹੋਵੇਗੀ, ਤੇ ਡਾਕਟਰ ਸਾਹਿਬਾ ਨੇ ਉਸਨੂੰ ਦੇਖ ਲਿਆ। ਜੇਕਰ ਉਸਨੇ ਪਹਿਲਾਂ ਕੋਈ ਅਜਿਹੀ ਹਰਕਤ ਕੀਤੀ ਹੁੰਦੀ ਤਾਂ ਪ੍ਰਬੰਧਕਾਂ ਨੇ ਉਸਨੂੰ ਅਜਿਹਾ ਸਬਕ ਸਿਖਾਉਣਾ ਸੀ, ਕਿ ਉਹ ਯਾਦ ਰੱਖਦੀ। - ਰਿਸ਼ੀ ਗੁਲਾਟੀ (ਲੇਖ: ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ...)

ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਗਈਆਂ ਕਈ ਮੁਟਿਆਰਾਂ ਦੇ ਵੀ ਅਜਿਹੀਆਂ ਪੋਸ਼ਾਕਾਂ ਪਾਈਆਂ ਹੁੰਦੀਆਂ ਨੇ ਕਿ ਅੰਗ ਬਾਹਰ ਆਉਣ ਨੂੰ ਕਾਹਲੇ ਹੁੰਦੇ ਨੇ। ਪਿਛਲੇ ਦਿਨੀਂ ਕਿੱਥੇ ਪੜ੍ਹ ਰਿਹਾ ਸਾਂ, ਯਾਦ ਨਹੀਂ ਰਿਹਾ। ਲਿਖਿਆ ਸੀ ''ਅਸੀਂ ਗੁਰਦੁਆਰਾ ਸਾਹਿਬ ਲੋਕਾਂ ਦੇ ਕੱਪੜੇ ਦੇਖਣ ਜਾਂਦੇ ਹਾਂ ਜਾਂ ਸ਼ਰਧਾ-ਭਾਵਨਾ ਕਰਕੇ ? ਹਰ ਕਿਸੇ ਨੂੰ ਆਪਣੀ ਮਰਜ਼ੀ ਮੁਤਾਬਿਕ ਪਹਿਰਾਵਾ ਪਹਿਨਣ ਦਾ ਹੱਕ ਹੈ।" ਪਰ ਸੁਆਲ ਤਾਂ ਇਹ ਹੈ ਕਿ ਕੀ ਮਰਿਆਦਾ ਦਾ ਕੋਈ ਮਹੱਤਵ ਨਹੀਂ ? ਉਂਜ ਤਾਂ ਅਸੀਂ ਸੱਭਿਆਚਾਰ ਦੇ ਬਥੇਰੇ ਦਮਗਜੇ ਮਾਰਦੇ ਹਾਂ ਪਰ ਕਈ ਲੇਖਕ ਵੀਰ ਅਜਿਹਿਆਂ ਦੀ ਵੀ ਵਕਾਲਤ ਕਰਦੇ ਹਨ। - ਰਿਸ਼ੀ ਗੁਲਾਟੀ (ਲੇਖ: ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!)

 

ਕਈ ਬੀਬੀਆਂ ਦਾ ਹਾਲ ਵੀ ਸਪਰਿੰਗ ਵਾਲਾ ਹੋਇਆ ਪਿਆ ਹੈ। ਸਪਰਿੰਗ ਨੂੰ ਦਬਾਈ ਰੱਖੋ ਤਾਂ ਦਬਿਆ ਰਹਿੰਦਾ ਹੈ, ਜਦੋਂ ਛੱਡ ਦਿਓ ਤਾਂ ਆਪਣੇ ਵਿਤ ਤੋਂ ਕਿਤੇ ਜ਼ਿਆਦਾ ਉੱਪਰ ਨੂੰ ਉੱਛਲਦਾ ਹੈ। ਪਰਿਵਾਰ ' ਰਹਿੰਦਿਆਂ ਹਰ ਕੋਈ ਮਾਂ-ਬਾਪ ਆਪਣੇ ਬੱਚਿਆਂ ਤੇ ਨਜ਼ਰ ਰੱਖਦਾ ਹੈ ਪਰ ਏਥੇ ਕੋਈ ਰੋਕ-ਟੋਕ ਕਰਨ ਵਾਲਾ ਹੈ ਨਹੀਂ, ਸੋ ਸਾਰੀਆਂ ਕਸਰਾਂ ਨਿਕਲ ਰਹੀਆਂ ਹਨ। ਕਈ ਮੁੰਡੇ ਕੁੜੀਆਂ, ਜਿਨ੍ਹਾਂ ਦੀਆਂ ਸਾਈਆਂ-ਵਧਾਈਆਂ ਕਾਲਜ ਪੜ੍ਹਦਿਆਂ ਹੀ ਲੱਗੀਆਂ ਹੋਈਆਂ ਸਨ ਤੇ ਇੱਥੇ ਆਉਣ ਦਾ ਮੌਕਾ ਮਿਲ ਗਿਆ, ਉਹਨਾਂ ਦੀ ਤਾਂ ਲਾਟਰੀ ਹੀ ਲੱਗੀ ਹੋਈ ਹੈ। ਕਿੰਨਾ ਫ਼ਰਕ ਪੈ ਗਿਆ ਉੱਥੇ ਤੇ ਏਥੇ 'ਚ। ਉੱਥੇ ਡਰ-ਡਰ ਕੇ ਜਾਂ ਚੋਰੀ-ਚੋਰੀ ਮਿਲਦੇ ਸਨ, ਇੱਥੇ 'ਕੱਠੇ ਰਹਿੰਦੇ ਹਨ। ਇਹ ਕੋਈ ਸੁਣੀ-ਸੁਣਾਈ ਗੱਲ ਨਹੀਂ, ਦੋ-ਤਿੰਨ ਅਜਿਹੇ ਜੋੜਿਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਜੋ ਵਿਆਹੇ ਤਾਂ ਨਹੀਂ ਪਰ ਰਹਿੰਦੇ 'ਕੱਠੇ ਨੇ। ਕਈ ਵਿਆਹੇ ਵੀ ਚੰਗੇ ਗੁੱਲ ਖਿਲਾ ਰਹੇ ਨੇ। ਟਰੇਨ ਜਾਂ ਬੱਸ ' ਜਗ੍ਹਾ ਹੋਣ ਦੇ ਬਾਵਜੂਦ ਬੀਬਾ ਜੀ, ਕਾਕਾ ਜੀ ਦੇ ਪੱਟਾਂ ਤੇ ਬੈਠਦੇ ਹਨ। ਪਹਿਰਾਵਾ ਵੀ ਬਦਲ ਗਿਆ ਹੈ। ਪੰਜਾਬਣਾਂ ਦੇ ਮਿੰਨੀ ਸਕਰਟ ਪਾਈ ਦੇਖ ਸ਼ਰਮ ਮਹਿਸੂਸ ਹੁੰਦੀ ਹੈ, ਪਰ ਕੋਈ ਵੀ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ।  - ਰਿਸ਼ੀ ਗੁਲਾਟੀ (ਲੇਖ: ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!)

ਮਸਲਾ ਅਸਲੀ ਨਕਲੀ ਪਤੀ ਪਤਨੀ ਅਤੇ ਝਗੜਿਆਂ ਦਾ (ਲੇਖ ਵਿਚਲਾ ਸੱਚ ਜਾਂ ਝੂਠ ਪੁਲੰਦਾ?)

ਇਕ ਬੱਚੀ ਨੇ ਬੱਚਾ ਚੁੱਕਿਆ ਹੋਇਆ ਸੀ ਤੇ ਅੱਗੇ ਹੋ ਕੇ ਕਹਿਣ ਲੱਗੀ, ਮੈਂ ਆਈਲੈਟਸ ਕੀਤੀ ਹੋਈ ਹੈ ਤੇ ਮੇਰਾ ਪੜ੍ਹਾਈ ਲਈ ਵੀਜ਼ਾ ਵੀ ਲੱਗ ਗਿਆ। ਮੇਰਾ ਬਾਹਰ ਆਉਣ ਦਾ ਖ਼ਰਚਾ ਇਸ ਮੁੰਡੇ ਦੇ ਮਾਪਿਆਂ ਨੇ ਕੀਤਾ ਸੀ ਕਿਉਂਕਿ ਮੇਰੇ ਮਾਪਿਆਂ ਕੋਲ ਪੈਸੇ ਨਹੀਂ ਸਨ। ਇਹ ਮੁੰਡਾ ਬਿਲਕੁਲ ਅਨਪੜ੍ਹ ਹੈ ਤੇ ਮੇਰਾ ਇਸ ਨਾਲ ਵਿਆਹ ਕਰ ਦਿੱਤਾ ਗਿਆ। ... ਘਰ ਵਾਲਾ ਕੁੱਝ ਵੀ ਕਰਨ ਜੋਗਾ ਨਹੀਂ ਕਿਉਂਕਿ ਉਹ ਉੱਕਾ ਹੀ ਅਨਪੜ੍ਹ ਹੈ। ਇਸੇ ਲਈ ਸਾਰਾ ਦਿਨ ਘਰ ਬੈਠਾ ਰਹਿੰਦਾ ਹੈ ਜਾਂ ਬਾਹਰ ਬਜ਼ਾਰ ਵਿਚ ਵਿਹਲਾ ਖੜ੍ਹਾ ਰਹਿੰਦਾ ਹੇ। - ਲੇਖਕਾ: ਡਾ ਹਰਸ਼ਿੰਦਰ ਕੌਰ

ਇਸ ਡਰਾਮੇ ਦੀ ਅਗਲੀ ਪਾਤਰ ਨੇ ਆਈਲੈਟਸ ਪਾਸ ਕੀਤੀ ਹੋਈ ਹੈ ਤੇ ਉਸਦਾ ਘਰ ਵਾਲਾ ਕੋਰਾ ਅੰਗੂਠਾਛਾਪ ਹੈ । ਇਸ ਜੋੜੇ ਨੇ ਮਾਪਿਆਂ ਦੇ ਕਹਿਣ ਤੇਪੱਕੇ ਹੋਣ ਲਈ ਨਿਆਣਾ ਵੀ ਜੰਮ ਧਰਿਆ । ... ਕਿਉਂ ਐਂਵੀ ਝੂਠਾਂ ਦੇ ਪੁਲੰਦੇ ਬੰਨੀ ਜਾਂਦੇ ਹੋ ? ਇਸ ਸਭ ਕਾਸੇ ਤੋਂ ਮਹਿਸੂਸ ਹੋ ਰਿਹਾ ਹੈ ਕਿਗੱਲਾਂ ਤਾਂ ਦੋ ਹੀ ਹੋ ਸਕਦੀਆਂ ਨੇ, ਜਾਂ ਤਾਂ ਇਨ੍ਹਾਂ ਕੁੜੀਆਂ ਨੇ ਮੁਫ਼ਤ ਦੀ ਹਮਦਰਦੀ ਬਟੋਰਨ ਲਈਤੁਹਾਡੇ ਨਾਲ਼ ਘਟੀਆ ਚਾਲ ਚੱਲੀ ਹੈ ਤੇ ਜਾਂ ਤੁਸੀਂ ਮੁਫ਼ਤ ਦੀ ਵਾਹ-ਵਾਹੀ ਬਟੋਰਨ ਚ ਆਸਟ੍ਰੇਲੀਆਵਸਦੇ ਆਪਣੇ ਹੀ ਧੀਆਂ ਪੁੱਤਰਾਂ ਦੀ ਇੱਜ਼ਤ ਰੋਲਣ ਚ ਕੋਈ ਕਸਰ ਬਾਕੀ ਨਹੀਂ ਛੱਡੀ । - ਰਿਸ਼ੀ ਗੁਲਾਟੀ (ਲੇਖ: ਆਸਟ੍ਰੇਲੀਆ ਪੰਜਾਬੀ ਚੋਰਾਂ ਤੇ ਵੇਸਵਾਵਾਂ ...)

 

ਕੁਝ ਮਹੀਨੇ ਪਹਿਲਾਂ ਉਸਦਾ ਵਿਆਹ ਕਿਸੇ ਆਸਟ੍ਰੇਲੀਆ ਰਹਿੰਦੇ ਪੱਕੇ ਮੁੰਡੇ ਨਾਲ ਹੋਇਆ ਸੀ। ਕਰੀਬ ਮਹੀਨਾ ਭਰ ਉਹ ਪੰਜਾਬ ਆਪਣੇ ਪਤੀ ਨਾਲ਼ ਰਹੀ ਸੀ ਤੇ ਮੁੜ ਉਹ ਆਸਟ੍ਰੇਲੀਆ ਗਿਆ। ਕਾਗ਼ਜ਼ ਪੱਤਰ ਭੇਜ ਕੇ ਉਸ ਕੁੜੀ ਨੂੰ ਵੀ ਬੁਲਵਾ ਲਿਆ ਪਰ ਏਅਰਪੋਰਟ ਲੈਣ ਹੀ ਨਹੀਂ ਆਇਆ। ਉਹ ਤਾਂ ਕੋਈ ਜਾਣ ਪਹਿਚਾਣ ਸੀ ਜੋ ਰਹਿਣ-ਸਹਿਣ ਦਾ ਇੰਤਜ਼ਾਮ ਹੋਇਆ ਤੇ ਭੱਜ ਦੌੜ ਕਰਕੇ ਸਟੂਡੈਂਟ ਵੀਜ਼ਾ ਕਰਵਾਇਆ, ਕਿਉਂ ਜੋ ਵਾਪਸ ਜਾ ਕੇ ਵੀ ਪੱਲੇ ਕੀ ਹੈ? ਜੇਕਰ ਇੱਥੇ ਸੈੱਟ ਹੋ ਗਈ ਤਾਂ ਸ਼ਾਇਦ ਚੰਗੇ ਦਿਨ ਮੁੜ ਜਾਣ। - ਰਿਸ਼ੀ ਗੁਲਾਟੀ (ਲੇਖ: ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!)

 

ਕਾਂਟਰੈਕਟ ਮੈਰਿਜ ਵਾਲਿਆਂ ਦਾ ਵੀ ਬੁਰਾ ਹਾਲ ਹੈ। ਕੰਮ ਤੋਂ ਦੋ ਦਿਨ ਦੀ ਛੁੱਟੀ ਸੀ। ਦੋ ਮਿੱਤਰ ਪਿਆਰੇ ਆਪਸ ਵਿੱਚ ਗੱਲਾਂ ਕਰ ਰਹੇ ਸਨ।
''ਮੈਂ ਮੈਲਬੌਰਨ ਜਾਣਾ ਹੈ, ਤੇਰਾ ਕੀ ਪ੍ਰੋਗਰਾਮ ਹੈ।"
''ਮੈਲਬੌਰਨ ??? ਉੱਥੇ ਕੀ ਕਰਨਾ ਹੈ ?"
''ਜਿਸਦੀ ਫ਼ੀਸ ਭਰ ਕੇ ਆਇਆ ਹਾਂ, ਉਹਦੇ ਕੋਲ ਰਾਤ ਕੱਟ ਆਵਾਂਗੇ, ਨਾਲੇ ਕੋਈ ਸੌ-ਪੰਜਾਹ ਡਾਲਰ ਦੇ ਆਵਾਂਗੇ, ਖੁਸ਼ ਹੀ ਹੋ ਜਾਵੇਗੀ।" - ਰਿਸ਼ੀ ਗੁਲਾਟੀ (ਲੇਖ: ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!)

ਲੁਧਿਆਣਾ, 30 ਦਸੰਬਰ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਦੇ ਡਾਬਾ ਇਲਾਕੇ ਵਿਚ ਰਹਿਣ ਵਾਲੀ ਇਕ ਔਰਤ ਦਾ ਉਸਦੇ ਪਤੀ ਵੱਲੋਂ ਆਸਟਰੇਲੀਆ ਵਿਚ ਬੜੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੈਲਬੋਰਨ ਪੁਲਿਸ ਨੇ ਕਾਤਲ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖ਼ਤ ... ਕੌਰ ਪਤਨੀ ਚਮਨਜੋਤ ਸਿੰਘ ਵਜੋਂ ਕੀਤੀ ਗਈ ਹੈ। ਕਮਲੇਸ਼ ਪੜ੍ਹਾਈ ਦੇ ਆਧਾਰ 'ਤੇ ਇਸ ਸਾਲ ਜਨਵਰੀ ਵਿਚ ਆਸਟਰੇਲੀਆ ਗਈ ਸੀ ਅਤੇ ਮਈ ਵਿਚ ਉਸਨੇ ਆਪਣੇ ਪਤੀ ਚਮਨਜੋਤ ਸਿੰਘ ਨੂੰ ਵੀ ਆਸਟਰੇਲੀਆ ਬੁਲਾ ਲਿਆ। ਕਮਲੇਸ਼ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਚ ਰਹਿੰਦੀ ਸੀ ਅਤੇ ਕਮਲੇਸ਼ ਪੜਾਈ ਤੋਂ ਬਾਅਦ ਨੌਕਰੀ ਕਰਕੇ ਆਪਣੇ ਗੁਜ਼ਾਰਾ ਕਰ ਰਹੀ ਸੀ, ਜਦ ਕਿ ਉਸ ਦਾ ਪਤੀ ਵਿਹਲਾ ਹੀ ਸੀ। ਪਤੀ ਵੱਲੋਂ ਕੁਝ ਦਿਨ ਪਹਿਲਾਂ ਉਸ ਦੇ ਖਾਤੇ ਵਿਚੋਂ 1500 ਡਾਲਰ ਵੀ ਕਢਵਾ ਲਏ ਸਨ। ਕਮਲੇਸ਼ ਦਾ ਵਿਆਹ ਪਿਛਲੇ ਸਾਲ ਸਤੰਬਰ ਵਿਚ ਹੋਇਆ ਸੀ ਅਤੇ ਉਸਦੇ ਪਿਤਾ ਦੀ ਡਾਬਾ ਇਲਾਕੇ ਵਿਚ ਹੀ ਸਾਈਕਲ ਪਾਰਟਸ ਦੀ ਫੈਕਟਰੀ ਹੈ। ਜਾਣਕਾਰੀ ਅਨੁਸਾਰ ਚਮਨਜੋਤ ਸਿੰਘ ਨੇ ਮੰਗਲਵਾਰ ਦੀ ਰਾਤ ਨੂੰ ਆਪਣੀ ਪਤਨੀ ਕਮਲੇਸ਼ ਦੇ ਗਲੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਜੋ ਕਿ ਉਸਦੀ ਮੌਤ ਦਾ ਕਾਰਨ ਬਣੇ। ਕਤਲ ਕਰਨ ਤੋਂ ਬਾਅਦ ਚਮਨਜੋਤ ਸਿੰਘ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ, ਪਰ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਮੈਲਬਰੋਨ ਦੇ ਬੱਸ ਅੱਡੇ ਤੋਂ ਉਸਨੂੰ ਗ੍ਰਿਫ਼ਤਾਰ ਕਰ ਲਿਆ। ਮੈਲਬੋਰਨ ਪੁਲਿਸ ਅਨੁਸਾਰ ਪਤੀ-ਪਤਨੀ ਦਾ ਅਕਸਰ ਝਗੜਾ ਰਹਿੰਦਾ ਸੀ। ਪੁਲਿਸ ਉਸ ਪਾਸੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ। - ਅਜੀਤ ਜਲੰਧਰ

 

... ਕੌਰ ਦੀ ਲਾਸ਼ ਭਾਰਤ ਪਹੁੰਚੀ, ਮਾਪਿਆਂ ਵੱਲੋਂ ਇਨਸਾਫ਼ ਮਿਲਣ ਤੱਕ ਸੰਸਕਾਰ ਤੋਂ ਇਨਕਾਰ

ਮੋਗਾ, 8 ਜਨਵਰੀ (ਹਰਬੰਸ ਲਾਲ ਸ਼ਰਮਾ): ਆਸਟਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿਚ ਸਟੂਡੈਂਟਸ ਵੀਜ਼ੇ ਤੇ ਆਪਣੇ ਪਤੀ ਨਾਲ਼ ਗਈ ... ਕੌਰ ਜਿਸ ਨੂੰ ਲਗਭਗ ਇਕ ਸਾਲ ਪਹਿਲਾਂ ਮਾਪਿਆਂ ਨੇ ਆਸਟਰੇਲੀਆ ਤੋਰਿਆ ਸੀ ਦੀ ਲਾਸ਼ 7 ਜਨਵਰੀ ਦੀ ਰਾਤ ਨੂੰ ਉਸ ਦੇ ਪਿੰਡ ਦੋਸਾਂਝ ਵਿਖੇ ਪੁੱਜੀ। ਆਸਟਰੇਲੀਆ ਤੇ ਭਾਰਤ ਸਰਕਾਰ ਵਲੋਂ 15 ਦਿਨ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਹਾਲੇ ਤਕ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਪੂਰੇ ਇਲਾਕੇ ਵਿੱਚ ਰੋਸਮਈ ਤੇ ਗ਼ਮਗੀਨ ਮਾਹੌਲ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ... ਕੌਰ ਨੂੰ ਬੇਹੋਸ਼ੀ ਦੀ ਹਾਲਤ ਵਿਚ ਬ੍ਰਿਸਬੇਨ ਦੇ ਦਰਿਆ ਵਿੱਚੋਂ ਕੱਢ ਕੇ ਪੁਲਿਸ ਨੇ ਹਸਪਤਾਲ ਦਾਖ਼ਲ ਕਰਵਾਇਆ ਸੀ ਜਿੱਥੇ ਉਸਨੂੰ ਛੇ ਦਿਨ ਵੈਂਟੀਲੇਟਰ ਤੇ ਰੱਖਿਆ ਗਿਆ ਅਤੇ 26 ਦਸੰਬਰ ਨੂੰ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਕੋਈ ਮੈਂਬਰ ਨਾ ਹੋਣ ਕਾਰਨ ਉਸ ਦੇ ਪਤੀ ਦੇ ਬਿਆਨਾ ਤੇ ਆਸਟਰੇਲੀਆ ਪੁਲਿਸ ਨੇ ਉਸ ਨੂੰ ਖ਼ੁਦਕੁਸ਼ੀ ਦੱਸ ਕੇ ਪਤੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।

 

ਇੱਧਰ ਮਾਪੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ 15 ਦਿਨ ਤੋਂ ਪ੍ਰਸ਼ਾਸਨਿਕ  ਤੇ ਰਾਜਨੀਤਿਕ ਲੋਕਾਂ ਦੇ ਦਰਾਂ ਤੇ ਠੋਕਰਾਂ ਖਾ ਰਹੇ ਹਨ। ਮਾਪਿਆਂ ਨੇ ਦੋਸ਼ ਲਗਾਇਆ ਹੈ ਕਿ ਲੜਕੀ ਦੇ ਸਹੁਰਾ ਪਰਿਵਾਰ ਲੜਕੀ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰ ਰਿਹਾ ਸੀ ਤੇ 13 ਦਸੰਬਰ ਨੂੰ ਵੀ ਫ਼ੋਨ ਤੇ ਦਮਾਦ ਨੇ ਲੜਕੀ ਦੀ ਫ਼ੀਸ ਭਰਨ ਲਈ ਢਾਈ ਲੱਖ ਰੁਪਏ ਦੀ ਮੰਗ ਕੀਤੀ ਸੀ। ਲੜਕੀ ਦੀ ਮਾਂ ਤੇ ਪਿਤਾ ਨੇ ਕਿਹਾ ਕਿ ਜੋ ਲੋਕ ਆਸਟਰੇਲੀਆ ਵਿਚ ਨਸਲੀ ਅਹਿੰਸਾ ਦਾ ਸ਼ਿਕਾਰ ਹੋ ਰਹੇ ਹਨ ਉਨ੍ਹਾਂ ਬਾਬਤ ਤਾਂ ਸਰਕਾਰ ਬਹੁਤ ਰੌਲਾ ਪਾ ਰਹੀ ਹੈ ਤੇ ਜੇ ਪੰਜਾਬੀ ਧੀਆਂ ਆਪਣਿਆਂ ਦਾ ਸ਼ਿਕਾਰ ਹੋ ਰਹੀਆਂ ਹਨ, ਉਨ੍ਹਾਂ ਬਾਬਤ ਪੰਜਾਬ ਸਰਕਾਰ ਕੁੱਝ ਵੀ ਨਹੀਂ ਕਰ ਰਹੀ। ਉਨ੍ਹਾਂ ਦਸਿਆ ਕਿ ਲੜਕੀ ਦੇ ਸਹੁਰਾ ਪਰਿਵਾਰ ਤੋਂ ਅਜੇ ਤਕ ਕੋਈ ਵੀ ਸਾਡੇ ਤਕ ਨਹੀਂ ਪੁਜਿਆ ਤੇ ਲੜਕੀ ਦਾ ਪਤੀ ਵੀ ਉਸ ਨੂੰ ਹਸਪਤਾਲ ਵਿਚ ਲਵਾਰਿਸ ਛੱਡ ਕੇ ਫ਼ਰਾਰ ਹੋ ਗਿਆ ਸੀ। ਮਨਜੀਤ ਸਿੰਘ ਬੋਪਾਰਾਏ ਦੇ ਯਤਨਾਂ ਸਦਕਾ ਪ੍ਰਵਾਸੀ ਭਾਰਤੀਆਂ ਨੇ ਲਾਸ਼ ਨੂੰ ਭਾਰਤ ਭੇਜਣ ਦਾ ਪ੍ਰਬੰਧ ਕੀਤਾ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਲੜਕੀ ਦੇ ਪਤੀ ਵਿਰੁੱਧ ਆਸਟਰੇਲੀਆ ਵਿਚ ਲੜਕੀ ਨੂੰ ਮਾਰਨ ਜਾਂ ਮਰਨ ਲਈ ਮਜ਼ਬੂਰ ਕਰਨ ਅਤੇ ਇਧਰ ਸਹੁਰਾ ਪਰਿਵਾਰ ਵਿਰੁੱਧ ਦਾਜ ਦਾ ਪਰਚਾ ਦਰਜ ਨਾ ਕੀਤਾ ਗਿਆ ਤਾਂ ਉਹ ਲਾਸ਼ ਦਾ ਸੰਸਕਾਰ ਨਹੀਂ ਕਰਨਗੇ ਤੇ ਲਾਸ਼ ਸਮੇਤ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਰਾਜਵੰਤ ਸਿੰਘ ਮਾਹਲਾ ਪ੍ਰਧਾਨ ਨੌਸਲੇ ਇੰਪਲਾਈਜ਼ ਯੂਨੀਅਨ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਔਰਤਾਂ ਤੇ ਮਰਦ ਹਾਜ਼ਰ ਸਨ।

 

ਮਸਲਾ ਖੇਤਾਂ ਵਿਚ ਕੰਮ ਕਰਨ ਦਾ (ਲੇਖ ਵਿਚਲਾ ਸੱਚ ਜਾਂ ਝੂਠ ਪੁਲੰਦਾ?)

ਜ਼ਮੀਨ ਵੇਚ ਕੇ ਉਹ ਇਥੇ ਆਇਆ ਸੀ ਤੇ ਹੁਣ ਕਿਸੇ ਗੋਰੇ ਦੇ ਫ਼ਾਰਮ (ਖੇਤ) ਵਿਚ ਕਾਮਾ ਲੱਗਾ ਹੋਇਆ ਹੈ ਅਤੇ ਕੇਲੇ ਤੋੜਦਾ ਅਤੇ ਢੋਂਦਾ ਹੈ। - ਲੇਖਕਾ: ਡਾ ਹਰਸ਼ਿੰਦਰ ਕੌਰ

ਅਖੀਰਲਾ ਕੰਮ ਰਹਿ ਗਿਆ ਖੇਤਾਂ ਦਾ। ਆਉਣ ਤੋਂ ਪਹਿਲਾਂ ਕਿਸੇ ਅਜਿਹੇ ਯਾਰ-ਦੋਸਤ ਨਾਲ ਜ਼ਰੂਰ ਰਾਬਤਾ ਕਾਇਮ ਕਰ ਲਵੋ, ਜੋ ਤੁਹਾਨੂੰ ਖੇਤਾਂ ' ਕੰਮ ਦਿਵਾ ਸਕੇ। ਯਕੀਨ ਮੰਨਣਾ ਕਿ ਇਹ ਕੰਮ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਜੇਕਰ ਸੀਜ਼ਨ ਚੰਗਾ ਲੱਗ ਜਾਵੇ ਤਾਂ ਫ਼ੀਸ ਵੀ ਕੱਢ ਸਕਦੇ ਹੋ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਖੇਤਾਂ ' ਕੰਮ ਤਾਂ ਮਿਲ ਜਾਂਦਾ ਹੈ, ਪਰ ਇਸ ਤਰ੍ਹਾਂ ਦਾ ਕੰਮ ਮਿਲਦਾ ਵੀ ਹੈ ਜਾਂ ਨਹੀਂ, ਇਹ ਬਾਅਦ ਦੀ ਗੱਲ ਹੈ। ਖੇਤਾਂ ਦਾ ਕੰਮ ਵੀ ਤਿੰਨ-ਚਾਰ ਦੇ ਗਰੁੱਪ ਨੂੰ ਮਿਲਦਾ ਹੈ, ਇਕੱਲੇ ਬੰਦੇ ਨੂੰ ਨਹੀਂ। ਸਚਾਈ ਤਾਂ ਇਹੀ ਹੈ ਕਿ ਕੰਮ ਦੀ ਕਾਫ਼ੀ ਜ਼ਿਆਦਾ ਤੰਗੀ ਹੈ। - ਰਿਸ਼ੀ ਗੁਲਾਟੀ (ਲੇਖ: ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!)

 

ਖੇਤਾਂ ' ਲੋਕਲ ਜਨਤਾ ਨਾਲ਼ੋਂ ਅੱਧੇ ਪੈਸਿਆਂ ' ਕੰਮ ਕਰ-ਕਰ ਕੇ ਪੰਜਾਬੀ ਪੁੱਤ ਰੁਲੇ ਪਏ ਨੇ ਸਾਡੇ ਗੁੱਟ ਤੇ ਹੱਥ ਸੁੱਜੇ ਪਏ ਨੇ ਸੁੱਜੀਆਂ ਉਂਗਲਾਂ ਬੁਰੀ ਤਰਾਂ ਦਰਦ ਕਰਦੀਆਂ ਨੇ ਵਿਦਿਆਰਥੀ ਸ਼ਰਮ ਦੇ ਮਾਰੇ ਸਚਾਈ ਦੱਸਦੇ ਨਹੀਂ ਕਿ ਪਿੰਡ ਨਮੋਸ਼ੀ ਹੋਵੇਗੀ, ਪਰ ਮੈਂ ਤਾਂ ਆਪਣੇ ਪੰਜਾਬੀ ਭਰਾਵਾਂ ਨੂੰ ਬਚਾਉਣ ਲਈ ਆਪਣਾ ਢਿੱਡ ਨੰਗਾ ਕਰ ਰਿਹਾ ਹਾਂ ਹਾੜਾ ਓਏ ਏਜੰਟ ਵੀਰੋ, ਤਰਸ ਕਰ ਲਵੋ ਯਾਰ..... - ਰਿਸ਼ੀ ਗੁਲਾਟੀ (ਲੇਖ: ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!)

ਮਸਲਾ ਦੇਸੀ ਕਾਕਿਆਂ ਵਲੋਂ ਗੋਰੀਆਂ ਨਾਲ ...

ਕੁੱਝ ਭਾਰਤੀ ਵਿਦਿਆਰਥੀ ਆਸਟਰੇਲੀਆ ਦੀਆਂ ਜਵਾਨ ਬੱਚੀਆਂ ਨਾਲ ਛੇੜਖ਼ਾਨੀ ਕਰਦੇ ਫੜੇ ਗਏ ਸਨ। - ਲੇਖਕਾ: ਡਾ ਹਰਸ਼ਿੰਦਰ ਕੌਰ (ਲੇਖ: ਆਖ਼ਰ ਕਿਉਂ ਕੁੱਝ ਲੋਕ ਸੱਚ ...)

''ਮੈਂ ਤਾਂ ਆਪ ਪੈਸੇ ਜੋੜੀ ਜਾਂਦੇ, ਗੋਰੀਆਂ ਕੋਲ ਜਾਣ ਲਈ। ਪੰਜਾਬ ' ਯਾਰਾਂ ਨੂੰ ਕੀ ਦੱਸਾਂਗੇ ਕਿ ਗੋਰੀਆਂ ਕੋਲ ਗਏ ਹੀ ਨਹੀਂ, ਨਮੋਸ਼ੀ ਹੋ ਜਾਊ।" ਇੱਕ ਹੋਰ ਵਿਦਿਆਰਥੀ ਗੱਲਾਂ ਸੁਣਦਾ ਕੋਲੇ ਗਿਆ। - ਰਿਸ਼ੀ ਗੁਲਾਟੀ (ਲੇਖ: ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!)

 

ਇੱਕ ਹੋਰ ਵੱਖਰਾ ਕੇਸ ਦੇਖਣ ਨੂੰ ਮਿਲਿਆ। ਅੰਮ੍ਰਿਤਸਰੀ ਵੀਰ ਆਪਣੇ ਜਮਾਤੀ ਨੂੰ ਫੋਨ ਕਰ ਰਿਹਾ ਸੀ।
''ਮੈਂ ਤਾਂ ਅਗਲੇ ਸਮੈਸਟਰ ਡਿਪਲੋਮਾ ਤੇ ਕਾਲਜ ਬਦਲ ਲੈਣਾ ਹੈ।"
''ਕਿਹੜੇ ਕਾਲਜ ਜਾਣ ਦਾ ਵਿਚਾਰ ਹੈ?"
''......... ਕਾਲਜ"
''ਉਹ ਤਾਂ ਗੋਰਿਆਂ ਦਾ ਕਾਲਜ ਹੈ, ਉੱਥੇ ਜਾ ਕੇ ਕੀ ਕਰਨਾ?"
''ਯਾਰ ਜੇ ਕੋਈ ਗੋਰੀ 'ਟਿਕ' ਗਈ ਤਾਂ ਛੇਤੀ ਪੱਕੇ ਹੋ ਜਾਵਾਂਗੇ, ਮੁੜ ਪੜ੍ਹਨ ਦੀ ਲੋੜ ਹੀ ਨਹੀਂ।"
''ਤੇ ਘਰ ਦੇ?"
''ਘਰ ਦਿਆਂ ਨੂੰ ਸਾਰੀ ਗੱਲ ਸਮਝਾਈ ਹੋਈ ਹੈ।"
ਕੱਲੇ ਇਸ ਵੀਰ ਦੀ ਹੀ ਨਹੀਂ ਸਗੋਂ ਬਹੁਤ ਸਾਰੇ ਅਜਿਹੇ ਵਿਦਿਆਰਥੀਆਂ ਦੀ ਅਜਿਹੀ ਹੀ ਸੋਚ ਹੈ, ਜਦ ਕਿ ਗੋਰੀਆਂ ਕਿਸੇ ਨੂੰ ਘਾਹ ਵੀ ਨਹੀਂ ਪਾਉਂਦੀਆਂ। ਸ਼ਾਇਦ ਉਹਨਾਂ ਦੇ ਖੁੱਲੇ-ਡੁੱਲੇ ਸੁਭਾਅ ਤੇ ਪਹਿਰਾਵੇ ਕਾਰਨ ਉਹਨਾਂ ਤੋਂ ਅਜਿਹੀ ਉਮੀਦ ਕੀਤੀ ਜਾਂਦੀ ਹੈ। - ਰਿਸ਼ੀ ਗੁਲਾਟੀ (ਲੇਖ: ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!)

ਆਸਟਰੇਲੀਆਈ ਮੁਟਿਆਰ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ ਭਾਰਤੀ ਟੈਕਸੀ ਡਰਾਈਵਰ ਨੂੰ ਸਜ਼ਾ

ਮੈਲਬੋਰਨ, 8 ਜਨਵਰੀ: ਆਸਟਰੇਲੀਆ ਦੀ ਇਕ ਅਦਾਲਤ ਨੇ ਇਕ ਭਾਰਤੀ ਟੈਕਸੀ ਡਰਾਈਵਰ ਨੂੰ ਅਲੜ ਮੁਟਿਆਰ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ ਵਿਚ 15 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਬ੍ਰਿਸਬੇਨ ਦੀ ਜ਼ਿਲਾ ਅਦਾਲਤ ਨੇ 46 ਸਾਲ ਦੇ ਬਲਜੀਤ ਸਿੰਘ ਨੂੰ 12 ਜੂਨ 2008 ਨੂੰ ਵਾਪਰੀ ਘਟਨਾ ਲਈ ਦੋਸ਼ੀ ਕਰਾਰ ਦਿੱਤਾ। ਬਲਜੀਤ ਸਿੰਘ ਚਾਰ ਬੱਚਿਆਂ ਦਾ ਪਿਤਾ ਹੈ। ਸਰਕਾਰੀ ਵਕੀਲ ਡੀ. ਬੈਲਿਕ ਨੇ ਅਦਾਲਤ ਨੂੰ ਦਸਿਆ ਕਿ 13 ਸਾਲ ਦੀ ਲੜਕੀ ਸਕੂਲ ਦੀ ਵਰਦੀ ਵਿਚ ਜਦੋਂ ਜਾ ਰਹੀ ਸੀ ਤਾਂ ਉਸ ਨੇ ਬਲਜੀਤ ਸਿੰਘ ਨੂੰ ਇਕ ਪਾਰਟੀ ਵਿਚ ਜਾਣ  ਲਈ ਬੁਲਾਇਆ ਪਰ ਬਾਅਦ ਵਿਚ ਆਪਣੀ ਦਾਦੀ ਦੇ ਘਰ ਜਾਣ ਲਈ ਆਖਿਆ। ਬਲਜੀਤ ਸਿੰਘ ਨੇ ਬ੍ਰਿਸਬੇਨ ਦੇ ਦੱਖਣ ਵਿਚ ਸਥਿਤ ਗਰੀਨ ਸਪੋਲਸ ਵਿਚ ਟੈਕਸੀ ਰੋਕਣ ਦੀ ਥਾਂ ਅੱਗੇ ਲੈ ਗਿਆ ਅਤੇ ਉਸ ਨਾਲ ਜਿਸਮਾਨੀ ਛੇੜਛਾੜ ਕੀਤੀ। ਵਕੀਲ ਨੇ ਕਿਹਾ ਕਿ ਮੁਲਜ਼ਮ ਨੇ ਮੌਕਾ ਵੇਖ ਕੇ ਆਪਣੀ ਕਾਮੁਕ ਤ੍ਰਿਪਤੀ ਲਈ ਲੜਕੀ ਦੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਵੀ ਬਲਜੀਤ ਸਿੰਘ ਨੂੰ ਅਜਿਹੇ ਹੀ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਹੈ।

 

ਇੱਕਾ ਦੁੱਕਾ ਘਟਨਾਵਾਂ ਪਿੱਛੇ ਆਸਟ੍ਰੇਲੀਆ ਵੱਸਦੀ ਸਾਰੀ ਕੌਮ ਨੂੰ ਬਦਨਾਮ ਕਰਨ ਦੀ ਕੋਝੀ ਚਾਲ - ਵਿਰੋਧ ਪੱਤਰ ਭੇਜੋ - ਰਿਸ਼ੀ ਗੁਲਾਟੀ

 

ਵਿਰੋਧ ਪੱਤਰ ਭੇਜੋ ਦੇ ਹਿਟਲਰੀ ਹੁਕਮ ਨਾਲ ਇੱਕ ਵਾਰ ਫੇਰ ਲੇਖਕ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲੇਖਕ ਦੁਨੀਆ ਦਾ ਸਭ ਤੋਂ ਸਮਝਦਾਰ ਇਨਸਾਨ ਹੈ, ਭਾਵ ਮੈਂ ਫੈਸਲਾ ਕਰ ਲਿਆ ਹੈ ਕਿ ਡਾ. ਹਰਸ਼ਿੰਦਰ ਕੌਰ ਦੇ ਲੇਖ ਦਾ ਵਿਰੋਧ ਹੋਣਾ ਚਾਹੀਦਾ ਹੈ। ਹੁਣ ਤੁਸੀਂ ਵਿਰੋਧ ਪੱਤਰ ਭੇਜੋ। ਜਦ ਕਿ ਇੱਕ ਸਮਝਦਾਰ ਲੇਖਕ ਦੋਵੇਂ ਪੱਖ ਦਿਖਾ ਕੇ ਫੈਸਲਾ ਪਾਠਕਾਂ ਤੇ ਛੱਡ ਦਿੰਦਾ ਹੈ ਕਿ ਪੱਤਰ ਭੇਜੋ ਨਾ ਕਿ ਵਿਰੋਧ ਪੱਤਰ ਭੇਜੋ। (ਚਲਦਾ)

ਆਸਟ੍ਰੇਲੀਆ ਆ ਰਹੇ ਹੋ ... ਜੀ ਆਇਆਂ ਨੂੰ - ਰਿਸ਼ੀ ਗੁਲਾਟੀ

"ਸਵਾਰੀ ਆਪਣੇ ਸਮਾਨ ਦੀ ਖ਼ੁਦ ਜਿੰਮੇਵਾਰ ਹੈ!" - ਰਿਸ਼ੀ ਗੁਲਾਟੀ

ਵੀਡੀਓ - ਆਸਟ੍ਰੇਲੀਆ ਵਿਚ ਲੁਧਿਆਣੇ ਦੀ ਮੁਟਿਆਰ ਦਾ ਕਤਲ

ਕਿਸ਼ਤ ੩ - ਪੰਜਾਬੀ ਪੱਤਰਕਾਰੀ ਝੂਠ ਤੇ ਅਸਿੱਧੀਆਂ ਗਾਲ੍ਹਾਂ ਦਾ ਘਰ (?)

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com